Share & like

ਸੀਪੀਐਮਐਲ ਲਿਬਰੇਸ਼ਨ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਮਹੱਤਵਪੂਰਨ ਫ਼ੈਸਲੇ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਅੰਮ੍ਰਿਤਸਰ, 20 ਸਤੰਬਰ
ਸੀਪੀਐਮਐਲ ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਦੀ ਮੀਟਿੰਗ ਅੱਜ ਮੰਗਲ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਖ਼ਾਸ ਤੌਰ ‘ਤੇ ਸ਼ਾਮਿਲ ਹੋਏ।

ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਚੱਲ ਰਹੀ ਨਫ਼ਰਤੀ ਮੁਹਿੰਮ ਦਾ ਵਿਰੋਧ ਕਰਨ ਅਤੇ ਹੜ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ 29 ਸਤੰਬਰ ਨੂੰ ਡੀ.ਸੀ. ਦਫ਼ਤਰ ਅੱਗੇ ਮਜ਼ਦੂਰ ਮੁਕਤੀ ਮੋਰਚੇ ਦੀ ਰੈਲੀ ਵਿੱਚ ਲਿਬਰੇਸ਼ਨ ਸਰਗਰਮੀ ਨਾਲ ਹਿੱਸਾ ਲਵੇਗੀ।
ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਮੂਧਲ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਪੰਜਾਬੀ ਬੱਚੇ ਦੇ ਕਤਲ ਦੀ ਘਟਨਾ ਨਿੰਦਣਯੋਗ ਹੈ, ਪਰ ਇਸ ਦੇ ਆਧਾਰ ‘ਤੇ ਪੂਰੇ ਪਰਵਾਸੀ ਭਾਈਚਾਰੇ ਨੂੰ ਗੁਨਾਹਗਾਰ ਮੰਨਣਾ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਲਈ, ਖ਼ਤਰਨਾਕ ਸਾਬਤ ਹੋ ਸਕਦੀ ਹੈ। ਲੋਕਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਯਾਦ ਰੱਖਦੇ ਹੋਏ ਭੜਕਾਊ ਮਾਹੌਲ ਬਣਾਉਣ ਤੋਂ ਬਚਣਾ ਚਾਹੀਦਾ ਹੈ।

ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਅਨੁਸਾਰ, ਲਿਬਰੇਸ਼ਨ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਹੜਾਂ ਨਾਲ ਤਬਾਹ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਲਈ ਹੇਠ ਲਿਖੀਆਂ ਮੰਗਾਂ ਰੱਖੀਆਂ:
ਬਰਬਾਦ ਹੋਈ ਫਸਲ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ
ਹੜਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਸਹਾਇਤਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ।
ਡਿੱਗੇ ਘਰਾਂ ਲਈ 5 ਲੱਖ ਰੁਪਏ ਦੀ ਸਹਾਇਤਾ, ਜਦਕਿ ਤਰੇੜਾ ਮਾਰੇ ਘਰਾਂ ਲਈ ਘੱਟੋ-ਘੱਟ 1 ਲੱਖ ਰੁਪਏ
ਬੇਰੁਜ਼ਗਾਰ ਮਜ਼ਦੂਰ ਪਰਿਵਾਰਾਂ ਨੂੰ 200 ਦਿਨ ਦਾ ਮਨਰੇਗਾ ਰੁਜ਼ਗਾਰ
ਝੋਨੇ ਦੀ ਕਟਾਈ ਮਗਰੋਂ ਪਰਾਲੀ ਸਾਂਭਣ ਦਾ ਕੰਮ ਮਨਰੇਗਾ ਹੇਠ ਦੇਣ ਦੀ ਮੰਗ, ਤਾਂ ਜੋ ਪ੍ਰਦੂਸ਼ਣ ਅਤੇ ਬੇਰੁਜ਼ਗਾਰੀ ਦੋਹਾਂ ਦਾ ਹੱਲ ਹੋ ਸਕੇ। ਇਕ ਹੋਰ ਮਤੇ ਵਿੱਚ ਅਜਨਾਲਾ ਹਲਕੇ ਦੇ ਕੁਝ ਸਤਾਧਾਰੀ ਸਰਪੰਚਾਂ ਵੱਲੋਂ ਮਜ਼ਦੂਰ ਆਗੂਆਂ ਨੂੰ ਦਿੱਤੀਆਂ ਧਮਕੀਆਂ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਚੇਤਾਵਨੀ ਦਿੱਤੀ ਗਈ ਕਿ ਮਜ਼ਦੂਰਾਂ ਉੱਤੇ ਕੋਈ ਵੀ ਸਮਾਜਿਕ ਜ਼ਬਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੀਟਿੰਗ ਵਿੱਚ ਨਿਰਮਲ ਸਿੰਘ ਛਜਲਵੱਡੀ, ਸ਼ਮਸ਼ੇਰ ਸਿੰਘ ਹੇਰ, ਚਰਨਜੀਤ ਸਿੰਘ ਅਜਨਾਲਾ, ਕੁਲਵਿੰਦਰ ਸਿੰਘ, ਨਰਿੰਦਰ ਤੇੜਾ, ਪਾਸਟਰ ਰਾਜੂ ਲੱਖੂਵਾਲ ਅਤੇ ਬਚਿੱਤਰ ਸਿੰਘ ਸਹਿਣੇਵਾਲੀ ਵੀ ਸ਼ਾਮਿਲ ਸਨ।


Share & like

Leave a Reply