Share & like

ਕਿਰਤੀ ਕਿਸਾਨ ਯੂਨੀਅਨ ਵੱਲੋਂ ਮੀਟਿੰਗ ਕਰਕੇ ਨੁਕਸਾਨ ਦਾ ਜਾਇਜ਼ਾ

26 ਸਤੰਬਰ ਨੂੰ ਗੁਰਦਾਸਪੁਰ ਡੀ.ਸੀ. ਦਫ਼ਤਰ ਸਾਹਮਣੇ ਧਰਨਾ ਐਲਾਨਿਆ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਮਕੌੜਾ ਪੱਤਣ/ਗੁਰਦਾਸਪੁਰ, 21 ਸਤੰਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਮੰਮੀ ਚਕਰੰਗਾ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਗਈ। ਇਸ ਮੌਕੇ ਹੜ੍ਹਾਂ ਕਾਰਨ ਇਲਾਕੇ ਅੰਦਰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ 26 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ।

ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਕਿਸਾਨ ਆਗੂ ਸਤਿਬੀਰ ਸਿੰਘ ਸੁਲਤਾਨੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਵੀ ਦਰਿਆ ਤੋਂ ਪਿੰਡਾਂ ਨੂੰ ਜੋੜਦੀ ਇਕੋ-ਇਕ ਸੜਕ ਲਗਭਗ 450 ਫੁੱਟ ਹੜ੍ਹ ਕਾਰਨ ਢਹਿ ਕੇ ਦਰਿਆ ਵਿੱਚ ਚਲੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਤੂਰ-ਚਿਬ ਨੇੜੇ ਰਾਵੀ ਅਤੇ ਉਝ ਦਰਿਆਵਾਂ ਵਿੱਚ ਆਏ ਹੜ੍ਹਾਂ ਨਾਲ ਨਾ ਸਿਰਫ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ, ਸਗੋਂ ਵੱਡੇ ਪੱਧਰ ‘ਤੇ ਜ਼ਮੀਨ ਵੀ ਦਰਿਆ ਵਿੱਚ ਸਮਾ ਗਈ ਹੈ।

ਉਨ੍ਹਾਂ ਚੇਤਾਇਆ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਮੰਮੀ ਚਕਰੰਗਾ ਅਤੇ ਕੁਕਰ ਵਰਗੇ ਪਿੰਡ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ।
ਸੂਬਾਈ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਕਿਹਾ ਕਿ ਅਗਸਤ ਵਿੱਚ ਆਏ ਹੜ੍ਹਾਂ ਲਈ ਕੁਦਰਤ ਦੇ ਨਾਲ-ਨਾਲ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹਨ।

ਸ਼੍ਰੀ ਸੁਲਤਾਨੀ ਨੇ ਕਿਹਾ ਕਿ ਡੈਮਾਂ ਦੀ ਸੰਭਾਲ ਸਮੇਂ ਸਿਰ ਨਾ ਕਰਨਾ ਅਤੇ ਪਾਣੀ ਨੂੰ ਲੋੜ ਤੋਂ ਵੱਧ ਇਕੱਠਾ ਕਰਕੇ ਇਕਦਮ ਛੱਡ ਦੇਣਾ ਇਸ ਤਬਾਹੀ ਦਾ ਵੱਡਾ ਕਾਰਨ ਬਣਿਆ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ 26 ਸਤੰਬਰ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ ਅਤੇ ਮੰਗ-ਪੱਤਰ ਸੌਂਪਿਆ ਜਾਵੇਗਾ।

ਆਗੂਆਂ ਦੱਸਿਆ ਕਿ ਮੰਗ ਪੱਤਰ ਰਾਹੀਂ ਮਕੌੜਾ ਪੱਤਣ ਤੋਂ ਸਰਹੱਦੀ ਪਿੰਡਾਂ ਲਈ ਸੜਕ ਦਾ ਫੌਰੀ ਨਿਰਮਾਣ ਕਰਨ, ਰਾਵੀ ਅਤੇ ਉਝ ਦਰਿਆ ‘ਤੇ ਢਾਹ ਰੋਕਣ ਲਈ ਮਜ਼ਬੂਤ ਸਪਰ ਬਣਾਉਣਾ,ਹੜ੍ਹਾਂ ਕਾਰਨ ਬਰਬਾਦ ਫਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਣ, “ਸਿਰਫ 5 ਏਕੜ ਤਕ” ਮੁਆਵਜ਼ੇ ਦੀ ਸ਼ਰਤ ਰੱਦ ਕਰਕੇ ਖੇਤ ਅਨੁਸਾਰ ਨੁਕਸਾਨ ਦਾ ਹਿਸਾਬ ਦੇਣ, ਝੋਨੇ ਦੀ ਖਰੀਦ ਲਈ ਮਾਪ-ਦੰਡ ਨਰਮ ਕਰਨ, ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਕਾਸ਼ਤਕਾਰ ਨੂੰ ਮਿਲਣ, ਖੰਡ ਮਿੱਲਾਂ ਵੱਲੋਂ ਗੰਨੇ ਦਾ ਬਕਾਇਆ ਫੌਰੀ ਅਦਾ ਕਰਨਾ ਅਤੇ ਮਕੌੜਾ ਪੱਤਣ ‘ਤੇ ਰਾਵੀ ਦਰਿਆ ਉੱਤੇ ਪੁਲ ਦਾ ਨਿਰਮਾਣ ਪਾਣੀ ਘਟਣ ‘ਤੇ ਤੁਰੰਤ ਸ਼ੁਰੂ ਕਰਨ‌ ਮੰਗ ਕੀਤੀ ਜਾਵੇਗੀ।

ਇਸ ਮੌਕੇ ਸਰਪੰਚ ਬਲਰਾਜ ਸਿੰਘ, ਸੂਬੇਦਾਰ ਮੋਹਕਮ ਸਿੰਘ, ਹਰਭਜਨ ਸਿੰਘ, ਦਾਰਾ ਸਿੰਘ, ਦਲੇਰ ਸਿੰਘ, ਜਸਵੀਰ ਸਿੰਘ, ਜਗੀਰ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਤਰਸੇਮ ਸਿੰਘ, ਜੋਧ ਸਿੰਘ, ਪਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ।


Share & like

Leave a Reply