Share & like

ਵਿਰਾਸਤੀ ਮੰਚ ਬਟਾਲਾ ਨੇ ਪੰਜਾਬ ਸਰਕਾਰ ਕੋਲੋਂ ਤੁਰੰਤ ਮੁਰੰਮਤ ਦੀ ਮੰਗ ਕੀਤੀ; ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਸ੍ਰੀ ਹਰਗੋਬਿੰਦਪੁਰ/ਬਟਾਲਾ, 20 ਸਤੰਬਰ
ਬੀਤੇ ਦਿਨੀਂ ਪਈਆਂ ਭਾਰੀ ਬਰਸਾਤਾਂ ਅਤੇ ਹੜ੍ਹਾਂ ਕਾਰਨ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਤਿਹਾਸਕ ਲਾਹੌਰੀ ਦਰਵਾਜ਼ੇ ਦਾ ਇੱਕ ਹਿੱਸਾ ਡਿੱਗ ਗਿਆ ਹੈ, ਜਿਸ ਨਾਲ ਇਸ ਇਤਿਹਾਸਕ ਵਿਰਾਸਤ ਦੀ ਹੋਂਦ ਖ਼ਤਰੇ ਵਿੱਚ ਪੈ ਗਈ ਹੈ।

ਵਿਰਾਸਤੀ ਮੰਚ ਦਾ ਦੌਰਾ ਤੇ ਜਾਇਜਾ
ਵਿਰਾਸਤੀ ਮੰਚ ਬਟਾਲਾ ਦੇ ਪ੍ਰਤੀਨਿਧੀ ਇੰਦਰਜੀਤ ਸਿੰਘ ਹਰਪੁਰਾ, ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰਿੰਸਪਾਲ ਸਿੰਘ ਚੱਠਾ, ਬਲਵਿੰਦਰ ਸਿੰਘ ਪੰਜ ਗਰਾਈਆਂ ਤੇ ਰਾਜਪ੍ਰੀਤ ਸਿੰਘ ਢਿੱਲੋਂ ਵੱਲੋਂ ਅੱਜ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲਾਹੌਰੀ ਦਰਵਾਜ਼ੇ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜਾ ਲਿਆ ਗਿਆ।

ਇਤਿਹਾਸਕ ਮਹੱਤਤਾ ਤੇ ਖ਼ਸਤਾ ਹਾਲਤ
ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਰੱਖੀ ਗਈ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਸੱਜੇ ਕੰਢੇ ਉੱਚੇ ਟਿੱਬੇ ’ਤੇ ਵਸਾਇਆ ਗਿਆ ਸੀ ਅਤੇ ਇਸਦੇ ਚਾਰਾਂ ਪਾਸਿਆਂ ਚਾਰ-ਦੀਵਾਰੀ ਕਰਕੇ ਛੇ ਦਰਵਾਜ਼ੇ ਬਣਾਏ ਗਏ ਸਨ — ਲਾਹੌਰੀ, ਮੋਰੀ, ਸ਼ਾਹਮਾਨਾ, ਮਿਆਦੀ, ਤੇਲੀ ਤੇ ਘਿਰੜ ਦਰਵਾਜ਼ਾ।

ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਵਿਚੋਂ ਕੇਵਲ ਲਾਹੌਰੀ ਦਰਵਾਜ਼ਾ ਹੀ ਬਚਿਆ ਹੈ। ਇਹ ਵੀ ਕਾਫ਼ੀ ਖ਼ਸਤਾ ਹਾਲਤ ਵਿੱਚ ਹੈ ਅਤੇ ਹੁਣ ਬਰਸਾਤਾਂ ਨਾਲ ਇਸਦਾ ਇੱਕ ਹਿੱਸਾ ਡਿੱਗ ਜਾਣ ਕਾਰਨ ਇਸਦੀ ਇਤਿਹਾਸਕ ਹੋਂਦ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਸਰਕਾਰ ਕੋਲ ਮੰਗ ਤੇ ਵਿਧਾਇਕ ਦਾ ਭਰੋਸਾ
ਵਿਰਾਸਤੀ ਮੰਚ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਲਾਹੌਰੀ ਦਰਵਾਜ਼ੇ ਦੀ ਤੁਰੰਤ ਮੁਰੰਮਤ ਪੁਰਾਤਤਵ ਵਿਭਾਗ ਦੇ ਮਾਹਿਰਾਂ ਰਾਹੀਂ ਕਰਵਾਈ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਮੁਰੰਮਤ ਦੌਰਾਨ ਦਰਵਾਜ਼ੇ ਦੀ ਪੁਰਾਤਨਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ।

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਉਹ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਜਲਦ ਕਾਰਵਾਈ ਕਰਵਾਉਣਗੇ।


Share & like

Leave a Reply