ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 19 ਸਤੰਬਰ
ਸਿੱਖਿਆ ਵਿਭਾਗ ਭਾਰਤ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੁਰਦਾਸਪੁਰ ਵਿਖੇ ਸਮ੍ਰਿਧੀ ਪ੍ਰੋਗਰਾਮ 2025 ਤਹਿਤ ਨੌਵੀਂ ਤੋਂ ਬਾਰ੍ਹਵੀਂ ਕਲਾਸਾਂ ਦੇ ਅਧਿਆਪਕਾਂ ਲਈ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਸ਼੍ਰੀਮਤੀ ਪਰਮਜੀਤ ਦੀ ਅਗਵਾਈ ਹੇਠ ਸਥਾਨਕ ਗੋਲਡਨ ਕਾਲਜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬਲਾਕ ਪੱਧਰ ‘ਤੇ ਜੇਤੂ ਰਹੇ ਅਧਿਆਪਕਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਅਧਿਆਪਕਾਂ ਦੀ ਸਰਾਹਨਾ ਕੀਤੀ ਅਤੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਅਨਿਲ ਸ਼ਰਮਾ ਖ਼ਾਸ ਤੌਰ ‘ਤੇ ਪਹੁੰਚੇ। ਉਨ੍ਹਾਂ ਹਾਜ਼ਰ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਅਧਿਆਪਕਾਂ ਦੀ ਰਚਨਾਤਮਕ ਸੋਚ ਨੂੰ ਹੋਰ ਮਜ਼ਬੂਤ ਕਰਦੇ ਹਨ।

ਸਮ੍ਰਿਧੀ ਪ੍ਰੋਗਰਾਮ ਦੇ ਕੋਆਰਡੀਨੇਟਰ ਸ਼੍ਰੀ ਪ੍ਰਦੀਪ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਰਾਸ਼ਟਰੀ ਪੱਧਰ ਦਾ ਮੁਕਾਬਲਾ ਹੈ ਜਿਸਦਾ ਉਦੇਸ਼ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੁਆਰਾ ਵਿਕਸਤ ਤੇ ਲਾਗੂ ਕੀਤੀਆਂ ਕਲਾ-ਏਕੀਕ੍ਰਿਤ ਅਧਿਆਪਨ ਵਿਧੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਯਤਨ ਰਾਸ਼ਟਰੀ ਪਾਠਕ੍ਰਮ ਢਾਂਚੇ 2020 ਅਨੁਸਾਰ ਅਧਿਆਪਨ ਵਿੱਚ ਕਲਾ ਦੇ ਸਮੀਕਰਨ ਨੂੰ ਉਤਸ਼ਾਹਿਤ ਕਰਨ ਲਈ ਹੈ।
ਉਨ੍ਹਾਂ ਹੋਰ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਅਧਿਆਪਕਾਂ ਦੇ ਬਲਾਕ ਪੱਧਰੀ ਮੁਕਾਬਲੇ ਸਫਲਤਾਪੂਰਵਕ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ ਜ਼ਿਲ੍ਹਾ ਪੱਧਰ ਤੇ ਪਹੁੰਚੇ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਅਧਿਆਪਨ ਸਹਾਇਕ ਸਮੱਗਰੀ ਦੇ ਸਹਿਯੋਗ ਨਾਲ ਰੁਚਿਕਰ ਢੰਗ ਵਿੱਚ ਪੇਸ਼ ਕੀਤੀ।

ਇਸ ਪ੍ਰੋਗਰਾਮ ਦੌਰਾਨ ਜੇਤੂ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜਮੈਂਟ ਦੀ ਭੂਮਿਕਾ ਪ੍ਰਿੰਸੀਪਲ ਗੱਜਣ ਸਿੰਘ, ਹੈੱਡਮਾਸਟਰ ਦਵਿੰਦਰ ਸਿੰਘ, ਸ਼੍ਰੀਮਤੀ ਕਰਮਜੀਤ ਕੌਰ, ਸ਼੍ਰੀ ਕਮਲਦੀਪ ਅਤੇ ਸ. ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਡੀ.ਈ.ਓ. ਦਫ਼ਤਰ ਤੋਂ ਸੁਪਰਡੈਂਟ ਪ੍ਰਬੋਧ ਕੁਮਾਰ, ਰਾਹੁਲ, ਸਟੈਨੋ ਅਮਨ ਗੁਪਤਾ, ਸੁਮਿਤ ਕੁਮਾਰ, ਰਾਹੁਲ ਲੂਣਾ, ਸਰਬਜੀਤ ਢੀਗਰਾ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।










