“ਏਕ ਪੇੜ ਮਾਂ ਕੇ ਨਾਮ” ਮੁਹਿੰਮ ਅਤੇ ਸਿੱਖਿਆ ਦੇ ਗੁਣਾਤਮਕ ਸੁਧਾਰਾਂ ਬਾਰੇ ਹੋਈ ਚਰਚਾ
👉 ਹੜ੍ਹਾਂ ਤੋਂ ਬਾਅਦ ਸਕੂਲ ਖੁੱਲਣ ਦੀਆਂ ਤਿਆਰੀਆਂ ਤੇ ਚੱਲ ਰਹੀਆਂ ਮੁਹਿੰਮਾਂ ਬਾਰੇ ਬਲਾਕ ਸਿੱਖਿਆ ਅਫ਼ਸਰ ਪਨਿਆੜ ਵੱਲੋਂ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ/ਬਹਿਰਾਮਪੁਰ, 20 ਸਤੰਬਰ
ਹੜ੍ਹਾਂ ਤੋਂ ਬਾਅਦ ਸਰਹੱਦੀ ਸਿੱਖਿਆ ਬਲਾਕ ਦੋਰਾਂਗਲਾ ਅਧੀਨ ਪੈਂਦੇ ਸਕੂਲਾਂ ਦੇ ਹਾਲਾਤ ਸਾਜ਼ਗਾਰ ਹੋਣ ਕਾਰਨ 23 ਸਤੰਬਰ ਤੋਂ ਬਲਾਕ ਦੇ ਸਮੂਹ ਸਕੂਲ ਖੁੱਲਣ ਦੀਆਂ ਸੰਭਾਵਨਾਵਾਂ ਹਨ। ਅਜਿਹੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਹੜ੍ਹਾਂ ਤੋਂ ਬਾਅਦ ਸਕੂਲ ਖੁੱਲਣ ਦੀਆਂ ਤਿਆਰੀਆਂ ਤੇ ਚੱਲ ਰਹੀਆਂ ਮੁਹਿੰਮਾਂ ਬਾਰੇ ਬਲਾਕ ਸਿੱਖਿਆ ਅਫ਼ਸਰ ਪਨਿਆੜ ਨੇ ਸਕੂਲ ਮੁਖੀਆਂ ਨਾਲ ਜੂਮ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ।

ਬੀਪੀਈਓ ਪਨਿਆੜ ਦੀ ਬਲਾਕ ਦੋਰਾਂਗਲਾ ਅਧੀਨ ਪੈਂਦੇ ਸਕੂਲ ਮੁਖੀਆਂ ਨਾਲ ਪਹਿਲੀ ਮੀਟਿੰਗ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਤਾਇਨਾਤ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਦਾ ਤਬਾਦਲਾ ਹੋਣਾ ਉਪਰੰਤ ਇਸ ਬਲਾਕ ਦੀ ਜਿੰਮੇਵਾਰੀ ਮਿਲੀ ਹੈ।
ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਨਾਲ ਰਾਸ਼ਟਰੀ ਪੱਧਰ ’ਤੇ ਚਲ ਰਹੀ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਦੇ ਨਾਲ-ਨਾਲ ਹੜ੍ਹਾਂ ਤੋਂ ਬਾਅਦ ਸਕੂਲ ਖੁੱਲਣ ਤੇ ਸਿੱਖਿਆ ਦੇ ਗੁਣਾਤਮਕ ਸੁਧਾਰਾਂ ਲਈ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ।
ਸ਼੍ਰੀ ਪਨਿਆੜ ਨੇ ਕਿਹਾ ਕਿ ਸਕੂਲਾਂ ਦੇ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਸ ਲਈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾ ਕੇ ਇਸ ਘਾਟੇ ਦੀ ਭਰਪਾਈ ਕਰਨ।
ਬਾਹਮਣੀ ਸੈਂਟਰ ਦੇ ਮੁੱਖ ਅਧਿਆਪਕ ਸੋਨੂੰ ਕੁਮਾਰ ਨੇ ਈਕੋ ਕਲੱਬ ਤਹਿਤ ਚੱਲ ਰਹੀ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਪੋਰਟਲ ਉਪਰ ਕਰਨ ਦੀ ਅਪੀਲ ਕੀਤੀ।
ਮਰਾੜਾ ਸੈਂਟਰ ਦੇ ਮੁੱਖ ਅਧਿਆਪਕ ਮਦਨ ਗੋਪਾਲ ਨੇ ਸਵੱਛ ਹਰਿਤ ਵਿਦਿਆਲਿਆ ਰੇਟਿੰਗ (SHVR) ਤਹਿਤ ਬਲਾਕ ਦੇ ਸਾਰੇ ਸਕੂਲਾਂ ਦੀ ਰਜਿਸਟ੍ਰੇਸ਼ਨ ਅਤੇ ਟੀਚਾ ਪ੍ਰਾਪਤੀ ਬਾਰੇ ਵਿਚਾਰ ਰੱਖੇ।
ਬੀਆਰਸੀ ਮਨਜੀਤ ਸਿੰਘ ਨੇ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਡਾਟਾ ਐਂਟਰੀ ਕਰਨ ਸਮੇਂ ਆ ਰਹੀਆਂ ਮੁਸ਼ਕਲਾਂ ’ਤੇ ਧਿਆਨ ਦਿਵਾਇਆ ਅਤੇ ਸਹੀ ਤਰੀਕੇ ਨਾਲ ਡਾਟਾ ਭਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਮੌਕੇ ਹੋਰ ਸੈਂਟਰ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਬਾਜ਼ਵਾ, ਪਰਦੀਪ ਕੁਮਾਰ, ਗੁਰਪ੍ਰੀਤ ਸਿੰਘ ਮਾਨ, ਰਵੀ ਕੁਮਾਰ, ਸ਼ਸ਼ੀ, ਅਤੁਲ ਕੁਮਾਰ, ਮੁੱਖ ਅਧਿਆਪਕ ਜੋਤ ਪ੍ਰਕਾਸ਼ ਸਿੰਘ, ਰਜਨੀ ਪ੍ਰਕਾਸ਼, ਸਰੋਜ ਬਾਲਾ ਅਤੇ ਵੱਖ-ਵੱਖ ਸਕੂਲਾਂ ਦੇ ਇੰਚਾਰਜ਼ ਅਧਿਆਪਕ ਹਾਜ਼ਰ ਰਹੇ।














