ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 17 ਸਤੰਬਰ
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਵਿਸ਼ੇਸ਼ ਇਕੱਤਰਤਾ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸ. ਜਵੰਦ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਅਟਕੇ ਪਏ ਮਸਲਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।

ਐਸੋਸੀਏਸ਼ਨ ਨੇ ਖ਼ਾਸ ਤੌਰ ‘ਤੇ ਧਿਆਨ ਦਿਵਾਇਆ ਕਿ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਦੇ ਪੇ-ਕਮਿਸ਼ਨ ਬਕਾਏ, ਜਿਨ੍ਹਾਂ ਦੀ ਪਹਿਲੀ ਕਿਸ਼ਤ ਅਪ੍ਰੈਲ 2025 ਵਿੱਚ ਕਢਵਾਉਣੀ ਸੀ, ਅਜੇ ਤੱਕ ਕਈ ਡੀ.ਡੀ.ਓ. ਸਾਹਿਬਾਨ ਵੱਲੋਂ ਜਾਰੀ ਨਹੀਂ ਕੀਤੀ ਗਈ। ਹੁਣ ਅਕਤੂਬਰ ਮਹੀਨੇ ਵਿੱਚ ਦੂਜੀ ਕਿਸ਼ਤ ਜਾਰੀ ਹੋਣੀ ਯੋਗ ਹੈ ਪਰ ਪਹਿਲੀ ਕਿਸ਼ਤ ਹੀ ਅਟਕੀ ਪਈ ਹੈ। ਇਸੇ ਤਰ੍ਹਾਂ, ਲੀਵ-ਇਨ-ਕੈਸ਼ਮੈਂਟ ਅਤੇ ਮੈਡੀਕਲ ਕਲੇਮ ਬਿੱਲਾਂ ਦੀ ਅਦਾਇਗੀ ਵੀ ਲੰਬੇ ਸਮੇਂ ਤੋਂ ਪੈਂਡਿੰਗ ਹੈ, ਖ਼ਾਸਕਰ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸੈਕਸ਼ਨ ਵਿੱਚ। ਇਸ ਕਾਰਨ ਪੈਨਸ਼ਨਰ ਸਾਥੀ ਵੱਡੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਐਸੋਸੀਏਸ਼ਨ ਨੇ ਸਰਕਾਰ ਕੋਲ ਮੰਗ ਕੀਤੀ ਕਿ ਇਨ੍ਹਾਂ ਮਸਲਿਆਂ ਨੂੰ ਤੁਰੰਤ ਹੱਲ ਕਰਕੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਜਾਵੇ।
ਮੀਟਿੰਗ ਤੋਂ ਬਾਅਦ ਹੜ੍ਹਾਂ ਦੀ ਮਾਰ ਹੇਠ ਆਏ ਪੀੜਤ ਪਰਿਵਾਰਾਂ ਦੀ ਸਹਾਇਤਾ ਹਿਤ ਐਸੋਸੀਏਸ਼ਨ ਵੱਲੋਂ ਮੁੱਖ-ਮੰਤਰੀ ਰਾਹਤ ਫੰਡ ਲਈ ₹65,000 ਦਾ ਡਰਾਫਟ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਸੁਪਰਡੈਂਟ ਸ੍ਰੀ ਵਿਜੇ ਕੁਮਾਰ ਨੂੰ ਸੌਂਪਿਆ ਗਿਆ। ਵਿਜੇ ਕੁਮਾਰ ਨੇ ਐਸੋਸੀਏਸ਼ਨ ਦੀ ਇਸ ਨੇਕ ਪਹਲ ਲਈ ਧੰਨਵਾਦ ਕੀਤਾ ਅਤੇ ਇਸਦੀ ਸ਼ਲਾਘਾ ਕੀਤੀ।

ਇਸ ਮੌਕੇ ਪ੍ਰਧਾਨ ਸ. ਜਵੰਦ ਸਿੰਘ ਦੇ ਨਾਲ ਵਿੱਤ ਸਕੱਤਰ ਸੁਰੇਸ਼ ਕੁਮਾਰ, ਸਵਿੰਦਰ ਸਿੰਘ ਔਲਖ, ਅਵਿਨਾਸ਼ ਸਿੰਘ, ਮੰਗਤ ਚੰਚਲ, ਬਸੰਤ ਸਿੰਘ ਫਤਿਹਗੜ੍ਹ ਚੂੜੀਆਂ, ਪ੍ਰਕਾਸ਼ ਚੰਦ, ਵਿਨੋਦ ਕੁਮਾਰ ਸ਼ਰਮਾ, ਪਿਆਰਾ ਸਿੰਘ, ਸੇਵਾ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ ਭੰਗੂ, ਸਾਧੂ ਰਾਮ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।










