Share & like

ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਨੂੰ ਮੰਗ-ਪੱਤਰ ਸੌਂਪਿਆ

ਸੀਨੀਅਰ ਸਹਾਇਕ ਦੀਆਂ ਅਸਾਮੀਆਂ ਤਰੱਕੀਆਂ ਰਾਹੀਂ ਭਰਨ ਅਤੇ ਕਲਰਕ ਤੋਂ ਜੂਨੀਅਰ ਸਹਾਇਕ ਬਨਾਉਣ ਦੇ ਹੁਕਮ 10 ਦਿਨਾਂ ਵਿੱਚ ਜਾਰੀ ਕਰਨ ਦਾ ਭਰੋਸਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 17 ਸਤੰਬਰ
ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ-ਆਫਿਸ) ਐਸੋਸੀਏਸ਼ਨ ਦੀ ਮਹੱਤਵਪੂਰਨ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਨਾਲ ਚੰਡੀਗੜ੍ਹ ਵਿਖੇ ਹੋਈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਕਈ ਅਹਿਮ ਮੰਗਾਂ ਬਾਰੇ ਜਾਣੂ ਕਰਵਾਉਂਦੇ ਹੋਏ ਡਾਇਰੈਕਟਰ ਸਾਹਿਬ ਨੂੰ ਵਿਸਥਾਰਪੂਰਵਕ ਮੰਗ-ਪੱਤਰ ਸੌਂਪਿਆ ਗਿਆ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਡਿਗਰਾ ਨੇ ਰੋਜ਼ਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ 90 ਸੀਨੀਅਰ ਸਹਾਇਕ ਦੀਆਂ ਤਰੱਕੀਆਂ ਬਿਨਾਂ ਦੇਰੀ ਤੁਰੰਤ ਕਰਨ, ਇੱਕ ਫੀਸਦੀ ਬੀਪੀਐਡ, ਬੀਐਡ ਕੋਟਾ ਈਟੀਟੀ ਤੋਂ ਮਾਸਟਰ ਕੇਡਰ ਦੀ ਤਰਜ ‘ਤੇ ਬਿਨਾ ਟੈਟ ਤੋਂ ਲਾਗੂ ਕਰਵਾਉਣ, ਇਕ ਫੀਸਦੀ ਕੋਟੇ ਅਧੀਨ ਕਲਰਕ ਤੋਂ ਵੋਕੇਸ਼ਨ ਮਾਸਟਰ ਦੀ ਤਰੱਕੀ ਲਈ ਨਿਯਮਾਂ ਵਿੱਚ ਸੋਧ ਕਰਨ, ਕਲਰਕ ਤੋਂ ਸਕੂਲ ਲਾਇਬਰੇਰੀਅਨ ਦੀ ਤਰੱਕੀ ਲਈ ਨਿਯਮਾਂ ਵਿੱਚ ਸੋਧ ਕਰਨ, ਦੋ-ਦੋ ਸਕੂਲਾਂ ਦਾ ਵਾਧੂ ਚਾਰਜ ਤੁਰੰਤ ਵਾਪਸ ਕਰਵਾਉਣ ਅਤੇ ਕਲਰਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ, ਟਾਈਪ ਟੈਸਟ ਦੀ ਥਾਂ ਕੈਲਸੀ (cal-c) ਸੈਂਟਰ ਤੋਂ 2011 ਦੀ ਤਰਜ ਉੱਤੇ ਕੰਪਿਊਟਰ ਟ੍ਰੇਨਿੰਗ ਕੋਰਸ ਕਰਵਾਉਣ, ਕਲਰਕਾ ਨੂੰ ਬਦਲੀਆਂ ਵਿੱਚ ਛੋਟ ਦੇਣ ਅਤੇ ਈ ਪੰਜਾਬ ਪੋਰਟਲ ਮੁੜ ਖੋਲਣ, 30 ਜਨਵਰੀ 2024 ਨੂੰ ਜਾਰੀ ਪੱਤਰ ਵਿੱਚ ਸੋਧ ਕਰਦੇ ਹੋਏ ਵਿਧਵਾ ਕਰਮਚਾਰਨਾ ਨੂੰ ਟਾਈਪ ਟੈਸਟ ਵਿੱਚ ਛੋਟ ਦੇਣ, ਕਲਰਕਾਂ ਦੀ ਨਵੀਂ ਸੀਨੀਆਰਤਾ ਸੂਚੀ ਨੂੰ ਤੁਰੰਤ ਜਾਰੀ ਕਰਨ, ਪ੍ਰਬੰਧ ਅਫਸਰ ਦੀ ਜ਼ਿਲ੍ਹਾ ਪੱਧਰੀ ਅਸਾਮੀਆਂ ਜੋ 2018 ਦੇ ਨਿਯਮਾਂ ਚੋਂ ਖਤਮ ਕੀਤੀਆਂ ਹਨ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ ਗਈ।

ਇਸੇ ਤਰ੍ਹਾਂ ਸਟੇਟ ਪੂਲ ਵਿੱਚ ਫੀਲਡ ਕੇਡਰ ਦੀਆਂ ਪਈਆਂ ਅਸਾਮੀਆਂ ਜ਼ਿਲ੍ਹਾ ਦਫਤਰਾਂ ਅਤੇ ਬਲਾਕਾਂ ਵਿਖੇ ਤੁਰੰਤ ਤਬਦੀਲ ਕੀਤੇ ਜਾਣ, ਰਮਸਾ ਵਾਲੇ ਸਕੂਲਾਂ ਵਿੱਚ ਕਲਰਕਾਂ ਦੀਆਂ ਅਸਾਮੀਆਂ ਮਨਜ਼ੂਰ ਕੀਤੇ ਜਾਣ, ਜ਼ਿਲ੍ਹਾ ਪਠਾਨਕੋਟ, ਫਤਿਹਗੜ੍ਹ ਸਾਹਿਬ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਤਰਨਤਾਰਨ, ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ, ਰੋਪੜ, ਮੋਗਾ ਅਤੇ ਫਾਜਲਿਕਾ ਵਿਖੇ ਕਲਰਕਾਂ ਦੀਆਂ ਛੇ ਅਤੇ ਸੀਨੀਅਰ ਸਹਾਇਕਾਂ ਦੀਆਂ ਚਾਰ ਹੋਰ ਅਸਾਮੀਆਂ ਦੀ ਰਚਨਾ ਕੀਤੇ ਜਾਣ, ਡਬਲ ਸ਼ਿਫਟ ਸਕੂਲਾਂ ਵਿੱਚ ਕਲਰਕ ਦੀਆਂ ਦੋ ਅਸਾਮੀਆਂ ਦਿੱਤੇ ਜਾਣ, 50 ਸਾਲ ਦੀ ਉਮਰ ਪਾਰ ਕਰ ਚੁੱਕੇ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਪੂਰਨ ਛੋਟ ਦਾ ਨੋਟੀਫਿਕੇਸ਼ਨ ਮੁੜ ਲਾਗੂ ਕਰਨ ਅਤੇ ਝੂਠੀਆਂ ਸ਼ਿਕਾਇਤਾਂ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਜਾਂ ਸ਼ਿਕਾਇਤ ਕਰਤਾ ਕੋਲੋਂ ਹਲਫੀਆ ਬਿਆਨ ਲੈਣ ਦੀ ਮੰਗ ਰੱਖੀ ਗਈ।

ਸ਼੍ਰੀ ਡਿਗਰਾ ਦੱਸਿਆ ਕਿ ਡਾਇਰੈਕਟੋਰੇਟ ਸਹਿਬ ਨਾਲ ਹੋਈ ਅੱਜ ਦੀ ਮੀਟਿੰਗ ਵਿੱਚ 75 ਸੀਨੀਅਰ ਸਹਾਇਕਾਂ ਦੀਆਂ ਅਸਾਮੀਆਂ ਤਰੱਕੀਆਂ ਕਰਕੇ ਹਰ ਹਾਲਤ ਵਿੱਚ 10 ਦਿਨਾਂ ਵਿਚ ਭਰਨ ਅਤੇ ਕਲਰਕ ਤੋਂ ਜੂਨੀਅਰ ਸਹਾਇਕਾਂ ਦੀ ਤਰੱਕੀ ਦੇ ਹੁਕਮ ਵੀ 10 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣ ਦਾ ਭਰੋਸਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲੈਣ ਕੇ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਦਫ਼ਤਰਾਂ ਅਤੇ ਸਕੂਲਾਂ ਵਿੱਚ ਕੰਮ ਕਰਦੇ ਦਫ਼ਤਰੀ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਜਾਇਜ਼ ਮੰਗਾਂ ਤੋਂ ਜਾਣੂ ਕਰਵਾਇਆ ਹੈ।

ਫੋਟੋ ਕੈਪਸ਼ਨ: ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ-ਆਫਿਸ) ਐਸੋਸੀਏਸ਼ਨ ਦੇ ਨੁਮਾਇੰਦੇ ਡਾਇਰੈਕਟਰ ਨੂੰ ਮੰਗ-ਪੱਤਰ ਸੌਂਪਦੇ ਹੋਏ।


Share & like

Leave a Reply