Share & like

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 17 ਸਤੰਬਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਪੰਜਾਬ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਇਕਾਈ ਵੱਲੋਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਜ਼ਿਲ੍ਹਾ ਆਗੂਆਂ ਸੋਮ ਸਿੰਘ, ਅਨਿਲ ਕੁਮਾਰ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਰਵਿੰਦਰਜੀਤ ਸਿੰਘ ਪੰਨੂ, ਮਹੇਸ਼ ਲਾਲ ਅਤੇ ਮਾਇਆ ਧਾਰੀ ਵੱਲੋਂ ਕੀਤੀ ਗਈ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਜਾਵੇਗਾ। ਮੰਗ ਪੱਤਰ ਵਿੱਚ ਮੁੱਖ ਤੌਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਮੁਲਾਜ਼ਮਾਂ ਨਾਲ ਸੰਬੰਧਿਤ ਮੰਗਾਂ ਸ਼ਾਮਲ ਹਨ।

ਬੁਲਾਰਿਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਅਣਕਿਆਸੀ ਮੌਤ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਤੁਰੰਤ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਖੇਤਾਂ ਵਿੱਚੋਂ ਰੇਤ/ਗਾਰ ਕੱਢਣ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ, ਬੇਜ਼ਮੀਨੇ ਲੋਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ, ਹੜ੍ਹ ਵਿੱਚ ਰੁੜੇ ਜਾਂ ਮਰੇ ਪਸ਼ੂਆਂ ਦਾ ਪ੍ਰਤੀ ਪਸ਼ੂ 1 ਲੱਖ ਰੁਪਏ ਅਤੇ ਹੋਰ ਪਸ਼ੂਆਂ ਦਾ 20 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਮੁਆਵਜ਼ਾ ਦਿੱਤਾ ਜਾਵੇ।

ਇਸ ਤੋਂ ਇਲਾਵਾ ਢਹਿ ਗਏ ਘਰਾਂ ਦਾ ਨੁਕਸਾਨ ਭਰਨ ਲਈ ਪ੍ਰਤੀ ਪਰਿਵਾਰ 5 ਲੱਖ ਰੁਪਏ, ਪਿੰਡਾਂ ਦੇ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ, ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਮੁਆਫ਼ ਕਰਨ ਦੀ ਮੰਗ ਵੀ ਕੀਤੀ ਗਈ।
ਫਰੰਟ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਅਤੇ ਪੇਂਡੂ ਹਸਪਤਾਲਾਂ ਦੀ ਸਫ਼ਾਈ ਤੇ ਰੰਗ-ਰੋਗਨ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰਨ, ਰੈਗੂਲੇਸ਼ਨ ਬੇਲਦਾਰਾਂ ਅਤੇ ਗੇਜ ਰੀਡਰਾਂ ਦੀਆਂ ਰੱਦ ਕੀਤੀਆਂ 8635 ਪੋਸਟਾਂ ਨੂੰ ਬਹਾਲ ਕਰਨ ਅਤੇ ਵੱਖ ਵੱਖ ਵਿਭਾਗਾਂ ਦੀਆਂ ਦਰਜਾ ਚਾਰ ਪੋਸਟਾਂ ਖਤਮ ਕਰਨ ਦੀ ਨੀਤੀ ਰੱਦ ਕਰਨ ਦੀ ਮੰਗ ਵੀ ਉੱਠਾਈ ਗਈ।

ਇਸ ਮੌਕੇ ਤਰਸੇਮ ਲਾਲ, ਰਜਨੀ ਪ੍ਰਕਾਸ਼ ਸਿੰਘ, ਰੂਪ ਸਿੰਘ ਪੱਡਾ, ਸੁਖਜਿੰਦਰ ਸਿੰਘ, ਆਸ਼ੂ, ਰਵਿੰਦਰਪਾਲ ਸਿੰਘ, ਕੁਲਦੀਪ ਸਿੰਘ, ਸਤਬੀਰ ਭੰਡਾਲ, ਵਿੱਕੀ, ਕਸ਼ਮੀਰ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ, ਰਜਨੀਸ਼ ਕੁਮਾਰ, ਅਮਰਜੀਤ ਸਿੰਘ ਕੋਠੇ, ਮਦਨ ਲਾਲ, ਰਮੇਸ਼ ਕੁਮਾਰ, ਦਿਲਬਾਗ ਸਿੰਘ ਪੱਡਾ, ਦਿਲਪ੍ਰੀਤ, ਕੰਵਲਪ੍ਰੀਤ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਫਿਰੋਜ਼ ਮਸੀਹ ਆਦਿ ਹਾਜ਼ਰ ਸਨ।


Share & like

Leave a Reply