ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 16 ਸਤੰਬਰ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਚੱਲ ਰਹੀਆਂ ਗਤੀਵਿਧੀਆਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਦੇ ਸਮੂਹ ਹੈੱਡ ਟੀਚਰਾਂ ਲਈ “ਇਨਕਲੂਸਿਵ ਐਜੂਕੇਸ਼ਨ ਆਫ਼ ਡਿਸਏਬਲਡ” (IED) ਵਿਸ਼ੇ ਅਧੀਨ ਇੱਕ ਰੋਜ਼ਾ ਟਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਨੇ ਦੱਸਿਆ ਕਿ ਟਰੇਨਿੰਗ 19 ਸਤੰਬਰ 2025 ਨੂੰ ਕਰਵਾਈ ਜਾਵੇਗੀ ਅਤੇ ਟਰੇਨਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਉਨ੍ਹਾਂ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਇਹ ਟਰੇਨਿੰਗ ਇਸ ਲਈ ਰੱਖੀ ਗਈ ਹੈ ਤਾਂ ਜੋ ਹੈੱਡ ਟੀਚਰਾਂ ਨੂੰ ਬੱਚਿਆਂ ਲਈ ਚੱਲ ਰਹੀਆਂ ਗਤੀਵਿਧੀਆਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰੇਨਿੰਗ ਪ੍ਰੋਗਰਾਮ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਟ੍ਰੇਨਿੰਗ ਸਥਾਨ ਤੇ ਬਲਾਕ ਵਾਰ ਸੂਚੀ:
ਗੁਰਦਾਸਪੁਰ-1 ਸੈਂਟਰ:
ਇਸ ਟਰੇਨਿੰਗ ਸੈਂਟਰ ਵਿੱਚ ਗੁਰਦਾਸਪੁਰ-1, ਗੁਰਦਾਸਪੁਰ-2, ਕਾਹਨੂਵਾਨ-2, ਧਾਰੀਵਾਲ-1, ਦੀਨਾਨਗਰ-1, ਦੀਨਾਨਗਰ-2, ਦੋਰਾਂਗਲਾ ਅਤੇ ਕਾਹਨੂੰਵਾਨ-1 ਦੇ ਹੈੱਡ ਟੀਚਰ ਸ਼ਾਮਲ ਹੋਣਗੇ। ਟਰੇਨਿੰਗ ਦੇ ਰਿਸੋਰਸ ਪਰਸਨ ਨਿਸ਼ਾ ਮਹਾਜਨ, ਮਨਜਿੰਦਰ ਕੌਰ (ਆਈਈਆਰਟੀ) ਹੋਣਗੇ।
ਧਿਆਨਪੁਰ ਸੈਂਟਰ:
ਕਲਾਨੌਰ, ਧਾਰੀਵਾਲ-2, ਡੇਰਾ ਬਾਬਾ ਨਾਨਕ-1, ਡੇਰਾ ਬਾਬਾ ਨਾਨਕ-2, ਧਾਰੀਵਾਲ, ਧਿਆਨਪੁਰ ਅਤੇ ਫਤਹਿਗੜ੍ਹ ਚੂੜੀਆਂ ਦੇ ਹੈੱਡ ਟੀਚਰ ਇੱਥੇ ਟਰੇਨਿੰਗ ਵਿੱਚ ਹਾਜ਼ਰੀ ਦੇਣਗੇ। ਰਿਸੋਰਸ ਪਰਸਨ ਸਤਨਾਮ ਸਿੰਘ (ਆਈਈਆਰਟੀ) ਹੋਣਗੇ।
ਬਟਾਲਾ-2 ਸੈਂਟਰ:
ਬਟਾਲਾ-1, ਬਟਾਲਾ-2, ਕਾਦੀਆਂ-1, ਕਾਦੀਆਂ-2 ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਹੈੱਡ ਟੀਚਰ ਇਸ ਟਰੇਨਿੰਗ ਵਿੱਚ ਹਿੱਸਾ ਲੈਣਗੇ। ਰਿਸੋਰਸ ਪਰਸਨ ਨੀਤੂ ਖੋਸਲਾ (ਆਈਈਆਰਟੀ) ਹੋਣਗੇ।
ਜਾਣਕਾਰੀ ਦੇ ਅਨੁਸਾਰ ਬਲਾਕ ਗੁਰਦਾਸਪੁਰ-2, ਕਾਹਨੂੰਵਾਨ-1, ਕਾਹਨੂੰਵਾਨ-2, ਧਾਰੀਵਾਲ-1, ਦੀਨਾਨਗਰ-1, ਦੀਨਾਨਗਰ-2 ਅਤੇ ਬਲਾਕ ਦੋਰਾਂਗਲਾਦੀ ਟਰੇਨਿੰਗ ਪੁਰਾਣਾ ਬਸ ਅੱਡਾ ਦੇ ਪਿੱਛੇ ਸਥਿਤ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਹੋਵੇਗੀ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਰੇ ਹੈੱਡ ਟੀਚਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਿਰਧਾਰਤ ਸੈਂਟਰਾਂ ‘ਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ। ਟਰੇਨਿੰਗ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਬਲਾਕ ਸਿੱਖਿਆ ਅਫ਼ਸਰ ਦੀ ਹੋਵੇਗੀ।
ਇਹ ਟਰੇਨਿੰਗ ਪ੍ਰੋਗਰਾਮ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖ਼ਾਸ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਕਲੂਸਿਵ ਐਜੂਕੇਸ਼ਨ ਦੇ ਮੰਤਵਾਂ ਨੂੰ ਸਫ਼ਲ ਬਣਾਉਣ ਵਾਸਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।











