ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 17 ਸਤੰਬਰ
ਪੰਜਾਬੀ ਸਾਹਿਤ ਦੇ ਪ੍ਰਮੁੱਖ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਰਕੇ ‘ਵਾਤਾਵਰਣ ਦੀ ਸੁੰਦਰਤਾ ਅਤੇ ਸੁਹੱਪਣ’ ਸਿਰਲੇਖ ਹੇਠ ਜ਼ਿਲ੍ਹਾ ਪੱਧਰੀ ਕਵਿਤਾ ਮੁਕਾਬਲੇ ਡਾਇਟ ਲਮੀਨੀ ਵਿੱਚ ਆਯੋਜਿਤ ਕੀਤੇ ਗਏ। ਇਹ ਮੁਕਾਬਲੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਠਾਨਕੋਟ ਸ੍ਰੀਮਤੀ ਕਮਲਦੀਪ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ੍ਰੀ ਡੀ.ਜੀ. ਸਿੰਘ ਦੀ ਅਗਵਾਈ ਹੇਠ ਕਰਵਾਏ ਗਏ।

ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ ਖੁਰਦ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨੇ ਸਥਾਨ ਆਪਣੇ ਨਾਂ ਕੀਤੇ। ਰੌਣਕ (ਚੌਥੀ ਜਮਾਤ) ਨੇ ਪਹਿਲਾਂ ਸਥਾਨ, ਕ੍ਰਿਸ਼ਨਾ ਕੌਰ (ਪੰਜਵੀਂ ਜਮਾਤ) ਨੇ ਦੂਜਾ ਸਥਾਨ ਅਤੇ ਰਿਯਾ (ਪੰਜਵੀਂ ਜਮਾਤ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡੀ.ਜੀ. ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਵੀ ਬੱਚਿਆਂ ਦੀ ਕਲਾ ਤੇ ਵਿਸ਼ਵਾਸ ਯੋਗ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਜੇਤੂ ਰਹੇ ਵਿਦਿਆਰਥੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਵੱਡੇ ਨਗਦ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਪਹਿਲੇ ਸਥਾਨ ਲਈ 51,000 ਰੁਪਏ ਦੂਜੇ ਲਈ 31,000 ਰੁਪਏ ਅਤੇ ਤੀਜੇ ਲਈ 21,000 ਰੁਪਏ ਸ਼ਾਮਲ ਹਨ।
ਡਾਇਟ ਪ੍ਰਿੰਸੀਪਲ ਸ੍ਰੀ ਹਰਿੰਦਰ ਸੈਣੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ, ਜੋ ਕਿ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਹਨਾਂ ਯਾਦ ਦਿਵਾਇਆ ਕਿ ਅੱਜ ਕਈ ਸਰਕਾਰੀ ਸਕੂਲਾਂ ਤੋਂ ਪੜ੍ਹੇ ਵਿਦਿਆਰਥੀ ਡਾਕਟਰ, ਇੰਜੀਨੀਅਰ, ਵਕੀਲ, ਜੱਜ ਅਤੇ ਅਧਿਆਪਕ ਵਜੋਂ ਵੱਖ-ਵੱਖ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਹਨ।

ਜੇਤੂਆਂ ਨੂੰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡੀ.ਜੀ. ਸਿੰਘ ਵੱਲੋਂ ਇਨਾਮ ਤੇ ਸਨਮਾਨ ਪੱਤਰ ਭੇਟ ਕੀਤੇ ਗਏ। ਇਸ ਮੌਕੇ ਬੀਆਰਸੀ ਬਿਸੰਬਰ ਦਾਸ, ਬੀਆਰਸੀ ਅਧੀਰ ਮਹਾਜਨ, ਬੀਆਰਸੀ ਯੋਗੇਸ਼ ਕੁਮਾਰ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।










