ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਸੁਲਤਾਨੀ, 13 ਸਤੰਬਰ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ, ਸੁਖਵਿੰਦਰ ਸਿੰਘ ਸੁੱਖਾ ਅਤੇ ਹਰਵਿੰਦਰ ਸਿੰਘ ਬਿੱਲੂ ਨੇ ਪਿੰਡ ਸੁਲਤਾਨੀ ਦਾ ਦੌਰਾ ਕਰਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

ਇਸ ਤੋਂ ਬਾਅਦ ਰੋਜ਼ਾਨਾ ਖ਼ਬਰ ਨੂੰ ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪਿੰਡ ਸੁਲਤਾਨੀ ਵਿੱਚ ਗਾਹਲੜੀ–ਬਹਿਰਾਮਪੁਰ ਸੜਕ ਤੋਂ ਨਾਲਾ ਨੌਮਣੀ ਵਾਲੇ ਖੇਤਰ ਵਿੱਚ ਗੰਨਾ, ਚਾਰਾ ਅਤੇ ਝੋਨੇ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਕਿਹਾ ਕਿ ਅਜੇ ਵੀ ਖੇਤਾਂ ਵਿੱਚ ਪਾਣੀ ਖੜਾ ਹੋਣ ਕਰਕੇ ਝੋਨੇ ਦੀ ਫਸਲ ਪਤਲ ਪੈ ਗਈ ਹੈ ਅਤੇ ਦਾਣਿਆਂ ਦਾ ਰੰਗ ਵੀ ਖਰਾਬ ਹੋ ਗਿਆ ਹੈ। ਇਸ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਹੀ ਖਰਾਬ ਹੋ ਰਹੀ ਹੈ।

ਯੂਨੀਅਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਪੱਖਪਾਤ ਦੇ ਹੜ੍ਹਾਂ ਨਾਲ ਪ੍ਰਭਾਵਿਤ ਫਸਲਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇ ਅਤੇ “ਖੇਤ ਨੂੰ ਇਕਾਈ” ਮੰਨ ਕੇ ਜਿੰਨਾ ਨੁਕਸਾਨ ਹੋਇਆ ਹੈ ਉਸ ਮੁਤਾਬਕ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਦਰਿਆਵਾਂ ਦੇ ਕੰਢੇ ਅਤੇ ਨਾਲਾ ਨੌਮਣੀ ਦੇ ਬੰਨ੍ਹਾਂ ਨੂੰ ਉੱਚਾ ਅਤੇ ਮਜ਼ਬੂਤ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹਾ ਨੁਕਸਾਨ ਮੁੜ ਨਾ ਵਾਪਰੇ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸੌ ਫੀਸਦੀ ਬਰਬਾਦ ਹੋਈ ਫਸਲ ਦਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ।

ਇਸ ਮੌਕੇ ਸੁੱਚਾ ਸਿੰਘ, ਰਾਮ ਸਿੰਘ, ਜਰਨੈਲ ਸਿੰਘ, ਸ਼ੈਲੀ, ਲਖਵੀਰ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ ਅਤੇ ਬਲਵੀਰ ਸਿੰਘ ਬੀਰਾ ਸਮੇਤ ਕਈ ਕਿਸਾਨ ਹਾਜ਼ਰ ਸਨ।










