Share & like

ਰੋਜ਼ਾਨਾ ਖ਼ਬਰ
ਨੇਪਾਲ, 12 ਸਤੰਬਰ
ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਰਹੀ ਸੁਸ਼ੀਲਾ ਕਾਰਕੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਅੱਜ ਰਾਤ 8:45 ਵਜੇ ਸੰਹੁ ਚੁਕਣਗੇ। ਨੇਪਾਲ ਵਿੱਚ ਨੌਜਵਾਨ ਪੀੜ੍ਹੀ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਪੈਦਾ ਹੋਏ ਰਾਜਨੀਤਿਕ ਸੰਕਟ ਵਿਚਕਾਰ ਸ਼ੁੱਕਰਵਾਰ ਨੂੰ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਸਰਕਾਰ ਦਾ ਮੁਖੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਹੀ ਨੇਪਾਲ ਦੀ ਸੰਸਦ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ।



ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਦੇ ਨਾਲ ਫੌਜੀ ਮੁਖੀ ਜਨਰਲ ਅਸ਼ੋਕ ਰਾਜ ਸਿਗਦੇਲ ਦੀ ਮੌਜੂਦਗੀ ਵਿੱਚ “ਜਨਰੇਸ਼ਨ-ਜੀ” ਦੇ ਆਗੂਆਂ ਨੇ ਇਕ ਮੀਟਿੰਗ ਕੀਤੀ ਸੀ। ਇਸ ਵਿੱਚ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਸਰਕਾਰ ਦਾ ਮੁਖੀ ਬਣਾਉਣ ’ਤੇ ਸਹਿਮਤੀ ਹੋਈ ਸੀ। ਰਿਪੋਰਟਾਂ ਅਨੁਸਾਰ, ਉਹ ਅੱਜ ਰਾਤ 8:45 ਵਜੇ ਰਾਸ਼ਟਰਪਤੀ ਭਵਨ ਵਿੱਚ ਸੰਹੁ ਚੁਕਣਗੇ।

ਕੌਣ ਹਨ ਸੁਸ਼ੀਲਾ ਕਾਰਕੀ?
ਸੁਸ਼ੀਲਾ ਕਾਰਕੀ ਦਾ ਜਨਮ 7 ਜੂਨ 1952 ਨੂੰ ਵੀਰਾਟਨਗਰ ਵਿੱਚ ਹੋਇਆ ਸੀ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਅਤੇ ਕਾਨੂੰਨੀ ਸੁਧਾਰਾਂ ਦੇ ਖੇਤਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਸੁਸ਼ੀਲਾ ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਰਹਿ ਚੁੱਕੀ ਹੈ। ਸੁਪਰੀਮ ਕੋਰਟ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਇਤਿਹਾਸਕ ਮਾਮਲਿਆਂ ਦੀ ਸੁਣਵਾਈ ਕੀਤੀ, ਜਿਨ੍ਹਾਂ ਵਿੱਚ ਚੋਣੀ ਵਿਵਾਦ ਵੀ ਸ਼ਾਮਲ ਸਨ।

ਹਿੰਸਕ ਪ੍ਰਦਰਸ਼ਨ ਵਿੱਚ 51 ਲੋਕਾਂ ਦੀ ਮੌਤ
ਨੇਪਾਲ ਵਿੱਚ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪਾਬੰਦੀ ਦੇ ਵਿਰੋਧ ਵਿੱਚ ਹਾਲ ਹੀ ਵਿੱਚ ਹੋਏ “ਜੈਨ ਜੈੱਡ” ਪ੍ਰਦਰਸ਼ਨਾਂ ਵਿੱਚ ਇਕ ਭਾਰਤੀ ਨਾਗਰਿਕ ਸਮੇਤ ਘੱਟੋ-ਘੱਟ 51 ਲੋਕ ਮਾਰੇ ਗਏ ਹਨ। ਕਾਠਮੰਡੂ ਪੋਸਟ ਅਖਬਾਰ ਅਨੁਸਾਰ ਨੇਪਾਲ ਪੁਲਿਸ ਦੇ ਸਹ-ਪ੍ਰਵਕਤਾ ਸੀਨੀਅਰ ਪੁਲਿਸ ਅਧੀਕਾਰੀ ਰਮੇਸ਼ ਠਾਪਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇਕ ਭਾਰਤੀ ਨਾਗਰਿਕ, ਤਿੰਨ ਪੁਲਿਸਕਰਮੀ ਅਤੇ ਹੋਰ ਨੇਪਾਲੀ ਨਾਗਰਿਕ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ
ਘੱਟੋ-ਘੱਟ 36 ਲਾਸ਼ਾਂ ਮਹਾਰਾਜਗੰਜ ਸਥਿਤ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿੱਚ ਹਨ, ਜਿੱਥੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਸ਼ੁਰੂ ਹੋਇਆ। ਪੁਲਿਸ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਹਿੰਸਾ ਤੋਂ ਬਾਅਦ ਕੇ.ਪੀ. ਓਲੀ ਨੇ ਛੱਡਿਆ ਪ੍ਰਧਾਨ ਮੰਤਰੀ ਪਦ
ਸੋਮਵਾਰ ਨੂੰ ਪ੍ਰਦਰਸ਼ਨ ਦੌਰਾਨ ਕਾਠਮੰਡੂ ਵਿੱਚ ਸੰਸਦ ਭਵਨ ’ਤੇ ਹਮਲੇ ਦੌਰਾਨ ਪੁਲਿਸ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 19 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਦਿਆਰਥੀਆਂ ਦੀ ਸੀ। ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ। ਸੈਂਕੜਿਆਂ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੇ ਪ੍ਰਦਰਸ਼ਨ ਦੌਰਾਨ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਘੁੱਸ ਕੇ ਅਸਤੀਫ਼ੇ ਦੀ ਮੰਗ ਕੀਤੀ ਸੀ। ਨੇਪਾਲ ਵਿੱਚ ਸੋਸ਼ਲ ਮੀਡੀਆ ’ਤੇ ਪਾਬੰਦੀ ਸੋਮਵਾਰ ਰਾਤ ਹਟਾ ਲਈ ਗਈ।

ਓਲੀ ਦੇ ਅਸਤੀਫ਼ੇ ਤੋਂ ਬਾਅਦ ਵੀ ਹਿੰਸਾ ਜਾਰੀ ਰਹੀ ਅਤੇ ਪ੍ਰਦਰਸ਼ਨਕਾਰੀਆਂ ਨੇ ਸੰਸਦ, ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਆਵਾਸ, ਸਰਕਾਰੀ ਦਫ਼ਤਰਾਂ, ਰਾਜਨੀਤਿਕ ਦਲਾਂ ਦੇ ਦਫ਼ਤਰਾਂ ਅਤੇ ਸੀਨੀਅਰ ਆਗੂਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ, ਸ਼ੁੱਕਰਵਾਰ ਦੁਪਹਿਰ ਬਾਗਮਤੀ ਦਰਿਆ ਦੇ ਕੰਢੇ ਪਸ਼ੁਪਤਿਨਾਥ ਮੰਦਰ ਦੇ ਆਰਯਘਾਟ ’ਤੇ ਕਈ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਪੁਲਿਸ ਅਨੁਸਾਰ, ਪ੍ਰਦਰਸ਼ਨਾਂ ਦੌਰਾਨ ਲਗਭਗ 1,700 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਲਗਭਗ 1,000 ਲੋਕ ਠੀਕ ਹੋ ਕੇ ਘਰ ਵਾਪਸ ਆ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਪੁਲਿਸ ਬਲ ਹੌਲੀ-ਹੌਲੀ ਕਾਠਮੰਡੂ ਘਾਟੀ ਵਿੱਚ ਆਪਣਾ ਅਭਿਆਨ ਮੁੜ ਸ਼ੁਰੂ ਕਰ ਰਿਹਾ ਹੈ ਅਤੇ ਜਿਨ੍ਹਾਂ ਥਾਣਿਆਂ ਅਤੇ ਚੌਕੀਆਂ ਵਿੱਚ ਤੋੜਫੋੜ ਕੀਤੀ ਗਈ ਸੀ ਜਾਂ ਅੱਗ ਲਾਈ ਗਈ ਸੀ, ਉੱਥੇ ਹੌਲੀ-ਹੌਲੀ ਕੰਮ ਮੁੜ ਸ਼ੁਰੂ ਹੋ ਰਿਹਾ ਹੈ।




Share & like

Leave a Reply