ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ/ਗੁਰਦਾਸਪੁਰ, 13 ਸਤੰਬਰ
ਸਕੂਲ ਐਜੂਕੇਸ਼ਨ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਆਪਸੀ ਸਹਿਮਤੀ ਨਾਲ ਬਦਲੀਆਂ ਕਰਨ ਦੇ ਇੱਛੁਕ ਦਰਖ਼ਾਸਤਕਾਰਾਂ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ।

ਵਿਭਾਗ ਦੇ ਪੱਤਰ ਨੰਬਰ ਮੀਮੋ ਟਰਾਂਸਫਰ ਸੈਲ 2025/322388/2177 ਮਿਤੀ 13 ਸਤੰਬਰ 2025 ਅਨੁਸਾਰ ਤੀਜੇ ਗੇੜ ਦੇ ਤਹਿਤ ਆਪਸੀ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਵਿਭਾਗੀ ਬੁਲਾਰੇ ਨੇ ਦੱਸਿਆ ਕਿ ਸਾਲ 2025 ਦੌਰਾਨ ਜਾਰੀ ਕੀਤੀ ਗਈ ਜਨਤਕ ਸੂਚਨਾ ਮੁਤਾਬਕ ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਤੋਂ ਬਦਲੀ ਲਈ ਆਨਲਾਈਨ ਬੇਨਤੀਆਂ ਮੰਗੀਆਂ ਗਈਆਂ ਸਨ। ਜਿਨ੍ਹਾਂ ਨੇ ਨਿਯਮ ਅਨੁਸਾਰ ਆਪਣੀਆਂ ਅਰਜ਼ੀਆਂ ਸਮੇਂ ਸਿਰ ਪੋਰਟਲ ‘ਤੇ ਭਰੀਆਂ ਸਨ, ਉਹਨਾਂ ਦਾ ਡਾਟਾ ਸਕੂਲ ਮੁਖੀਆਂ ਅਤੇ ਡੀਡੀਓਜ਼ ਵੱਲੋਂ ਤਸਦੀਕ ਕੀਤਾ ਜਾ ਚੁੱਕਾ ਹੈ।
ਬੁਲਾਰੇ ਮੁਤਾਬਕ, ਬਦਲੀ ਪ੍ਰਕਿਰਿਆ ਦੇ ਪਹਿਲੇ ਦੋ ਰਾਊਂਡ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਇਨ੍ਹਾਂ ਦੋ ਰਾਊਂਡਾਂ ਵਿੱਚ ਸਫਲ ਹੋਏ ਅਧਿਆਪਕਾਂ ਦੇ ਬਦਲੀ ਹੁਕਮ ਉਹਨਾਂ ਦੀ ਆਪਣੀ ਈ-ਪੰਜਾਬ ਸਟਾਫ ਆਈਡੀ ‘ਤੇ 22 ਅਗਸਤ ਅਤੇ 6 ਸਤੰਬਰ 2025 ਨੂੰ ਜਾਰੀ ਕਰ ਦਿੱਤੇ ਗਏ ਸਨ। ਹੁਣ ਤੀਜੇ ਗੇੜ ਦੇ ਤਹਿਤ ਵਿਭਾਗ ਨੇ ਆਪਸੀ ਬਦਲੀਆਂ (Mutual Transfers) ਲਈ ਮੌਕਾ ਦਿੱਤਾ ਹੈ। ਇੱਛੁਕ ਅਧਿਆਪਕ ਜਾਂ ਕਰਮਚਾਰੀ 13 ਸਤੰਬਰ ਤੋਂ 14 ਸਤੰਬਰ 2025 ਤੱਕ ਪੋਰਟਲ ਰਾਹੀਂ ਆਪਣੀਆਂ ਆਪਸ਼ਨਸ ਭਰ ਸਕਣਗੇ।

ਬਦਲੀ ਪ੍ਰਕਿਰਿਆ ਨਾਲ ਜੁੜੇ ਨਿਯਮਾਂ ਬਾਰੇ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਅਧਿਆਪਕਾਂ ਜਾਂ ਕਰਮਚਾਰੀਆਂ ਦੀ ਬਦਲੀ ਆਪਸੀ ਸਹਿਮਤੀ ਨਾਲ ਹੋ ਜਾਵੇਗੀ, ਉਹਨਾਂ ਲਈ ਨਵੀਂ ਤਾਇਨਾਤੀ ਵਾਲੇ ਸਟੇਸ਼ਨ ‘ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ।
ਇਸ ਫੈਸਲੇ ਨਾਲ ਬਦਲੀ ਦੀ ਉਡੀਕ ਕਰ ਰਹੇ ਹਜ਼ਾਰਾਂ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।










