Share & like

ਲੇਖਕ: ਰੋਮੇਸ਼ ਮਹਾਜਨ


ਇਸ ਸੰਸਾਰ ਵਿੱਚ ਕਈ ਲੋਕ ਜੀਉਂਦੇ ਹਨ, ਪਰ ਕੁਝ ਅਜਿਹੀਆਂ ਰੂਹਾਂ ਵੀ ਹੁੰਦੀਆਂ ਹਨ ਜੋ ਆਪਣੇ ਕਰਮਾਂ ਨਾਲ ਅਮਰ ਹੋ ਜਾਂਦੀਆਂ ਹਨ। ਉਹ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੀਆਂ ਹਨ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੀਆਂ ਹਨ। ਅਜਿਹੀ ਹੀ ਇੱਕ ਪ੍ਰੇਰਣਾਦਾਇਕ ਹਸਤੀ ਹਨ ਯੂਨਾਈਟਡ ਕਿੰਗਡਮ ਦੀ 93 ਸਾਲਾਂ ਦੀ ਮਹਿਲਾ ਜੀਨ ਬੈਨੇਟ, ਜੋ ਸੇਵਾ, ਦਇਆ ਅਤੇ ਪਿਆਰ ਦੀ ਜੀਉਂਦੀ ਮਿਸਾਲ ਹਨ।

ਉਹ ਹਰ ਸਾਲ ਪੰਜਾਬ ਦੇ ਧਾਰੀਵਾਲ ਸ਼ਹਿਰ ਵਿੱਚ ਸਥਿਤ Mac Robert Hospital ਆ ਕੇ ਆਪਣੇ ਸਵਰਗਵਾਸੀ ਪਤੀ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ। ਉਨ੍ਹਾਂ ਦੇ ਪਤੀ ਜੀ ਇਸ ਹਸਪਤਾਲ ਵਿੱਚ ਐਡਮਿਨਿਸਟ੍ਰੇਟਰ ਵਜੋਂ ਸੇਵਾ ਨਿਭਾਉਂਦੇ ਰਹੇ ਅਤੇ ਗਰੀਬ ਤੇ ਲੋੜਵੰਦ ਮਰੀਜ਼ਾਂ ਦੀ ਦਿਲੋਂ ਸੇਵਾ ਕੀਤੀ। ਸੰਯੋਗਵਸ਼, ਉਨ੍ਹਾਂ ਨੇ ਆਪਣੀ ਆਖਰੀ ਸਾਹ ਵੀ ਉਸੇ ਸੰਸਥਾ ਵਿੱਚ ਲਈ, ਜਿਸਨੂੰ ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤਾ ਸੀ।
ਜੀਨ ਬੈਨੇਟ ਜਦੋਂ ਹਸਪਤਾਲ ਦੇ ਸੁਨਹਿਰੇ ਦਿਨਾਂ ਨੂੰ ਯਾਦ ਕਰਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਚਮਕ ਉਠਦੀਆਂ ਹਨ। ਉਹ ਦੱਸਦੀਆਂ ਹਨ ਕਿ ਇਸ ਹਸਪਤਾਲ ਦੀ ਪਹਿਚਾਣ ਮੁਫ਼ਤ ਇਲਾਜ ਅਤੇ ਸਟਾਫ ਵੱਲੋਂ ਕੀਤੀ ਜਾਂਦੀ ਨਿਸ਼ਕਾਮ ਸੇਵਾ ਕਰਕੇ ਸੀ। ਖ਼ਾਸ ਕਰਕੇ ਨਰਸਿੰਗ ਸਟਾਫ ਦੀ ਦਇਆਭਰੀ ਸੋਚ, ਮਿੱਠਾ ਸੁਭਾਉ ਅਤੇ ਮਨੁੱਖੀ ਛੋਹ ਮਰੀਜ਼ਾਂ ਲਈ ਆਸ ਦਾ ਚਿਰਾਗ ਬਣਦੀ ਸੀ। ਉਨ੍ਹਾਂ ਦੇ ਸ਼ਬਦਾਂ ਵਿੱਚ, “ਮਰੀਜ਼ ਸਿਰਫ਼ ਦਵਾਈ ਨਾਲ ਨਹੀਂ, ਸਗੋਂ ਪਿਆਰ, ਸਹਾਨੁਭੂਤੀ ਅਤੇ ਆਪਣਾਪਣ ਨਾਲ ਵੀ ਠੀਕ ਹੁੰਦੇ ਹਨ।”
ਧਾਰੀਵਾਲ ਅਤੇ ਗੁਰਦਾਸਪੁਰ ਨਾਲ ਉਨ੍ਹਾਂ ਦਾ ਨਾਤਾ ਸਿਰਫ਼ ਯਾਦਾਂ ਤੱਕ ਸੀਮਿਤ ਨਹੀਂ। ਉਹ ਨੇੜਲੇ ਪਿੰਡਾਂ ਵਿੱਚ ਵੀ ਜਾਂਦੀਆਂ, ਲੋਕਾਂ ਨਾਲ ਮਿਲਦੀਆਂ ਅਤੇ ਜਿੱਥੇ ਸੰਭਵ ਹੁੰਦਾ ਮਦਦ ਕਰਦੀਆਂ ਰਹੀਆਂ। ਉਹ ਕਹਿੰਦੀ ਹਨ, “ਇੱਥੋਂ ਦੇ ਲੋਕਾਂ ਨੇ ਮੈਨੂੰ ਜੋ ਪਿਆਰ ਅਤੇ ਸਨਮਾਨ ਦਿੱਤਾ, ਉਹ ਮੇਰੀ ਸਭ ਤੋਂ ਵੱਡੀ ਦੌਲਤ ਹੈ।”
ਹਰ ਵਾਰ ਭਾਰਤ ਆਉਣ ‘ਤੇ ਉਹ ਗੁਰਦਾਸਪੁਰ ਦੇ ਜੀ.ਟੀ. ਰੋਡ ਸਥਿਤ Hotel R K Regency ਵਿੱਚ ਰਹਿਣਾ ਪਸੰਦ ਕਰਦੀਆਂ ਹਨ, ਜਿੱਥੇ ਉਨ੍ਹਾਂ ਦਾ ਵੀ.ਆਈ.ਪੀ. ਸਤਿਕਾਰ ਹੁੰਦਾ ਹੈ। ਪਰ ਉਨ੍ਹਾਂ ਦੀ ਅਸਲੀ ਪਹਿਚਾਣ ਸ਼ਾਨ-ਸ਼ੌਕਤ ਨਹੀਂ, ਸਗੋਂ ਸੇਵਾ ਭਾਵਨਾ ਹੈ।
ਉਨ੍ਹਾਂ ਦੀ ਸਮਰਪਣ ਭਾਵਨਾ ਸਿਰਫ਼ ਸ਼ਰਧਾਂਜਲੀ ਤੱਕ ਸੀਮਿਤ ਨਹੀਂ। ਉਹ ਹਰ ਸਾਲ ਹਸਪਤਾਲ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੰਦੀਆਂ ਹਨ ਅਤੇ ਖੁਦ ਵੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਹੌਸਲਾ ਅਫਜ਼ਾਈ ਕਰਦੀਆਂ ਹਨ। ਆਪਣੇ ਪਤੀ ਦੀ ਯਾਦ ਅਤੇ ਉਸ ਪਵਿੱਤਰ ਧਰਤੀ ਨਾਲ ਅਟੱਲ ਪਿਆਰ ਰਾਹੀਂ ਉਹ ਮਨੁੱਖਤਾ ਦੀ ਲੌ ਨੂੰ ਜਗਾਏ ਰੱਖ ਰਹੀਆਂ ਹਨ।
ਇਸ ਸਾਲ ਉਹ ਖ਼ਾਸ ਨਿਮੰਤਰਣ ‘ਤੇ Mac Robert Hospital ਦੇ ਸੌ ਸਾਲਾ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਭਾਰਤ ਪਹੁੰਚੀਆਂ ਹਨ। ਇਹ ਸਮਾਰੋਹ ਸਿਰਫ਼ ਇੱਕ ਸੰਸਥਾ ਦੀ ਵਰ੍ਹੇਗੰਢ ਨਹੀਂ, ਸਗੋਂ ਸੇਵਾ ਦੀ ਸਦੀਵੀ ਪਰੰਪਰਾ ਦਾ ਜਸ਼ਨ ਹੈ।

ਨਿਸ਼ਚਤ ਤੌਰ ‘ਤੇ ਜੀਨ ਬੈਨੇਟ ਇਕ ਮਹਾਨ ਰੂਹ ਹਨ — ਉਹ ਸਾਬਤ ਕਰਦੀਆਂ ਹਨ ਕਿ ਉਮਰ ਸਿਰਫ਼ ਇਕ ਅੰਕ ਹੈ, ਜਦਕਿ ਸੇਵਾ ਅਤੇ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਉਹ ਸਾਨੂੰ ਸਿਖਾਉਂਦੀਆਂ ਹਨ ਕਿ ਅਸਲ ਵਿਰਾਸਤ ਦੌਲਤ ਨਹੀਂ, ਸਗੋਂ ਚੰਗੇ ਕਰਮ ਅਤੇ ਮਨੁੱਖਤਾ ਹੁੰਦੇ ਹਨ।
ਪਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਮੀ ਉਮਰ ਬਖ਼ਸ਼ੇ, ਤਾਂ ਜੋ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਚਿਰਾਗ ਬਣੀ ਰਹਿਣ।

ਲੇਖਕ: ਰੋਮੇਸ਼ ਮਹਾਜਨ (ਨੈਸ਼ਨਲ ਐਵਾਰਡੀ)


Share & like

Leave a Reply