Share & like

ਰੋਜ਼ਾਨਾ ਖ਼ਬਰ
ਚੰਡੀਗੜ੍ਹ, 12 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਨਾਲ ਵਰਚੂਅਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਵੰਡ ਡੇਢ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾ ਚੈੱਕ ਇੱਕ ਮਹੀਨੇ ਦੇ ਅੰਦਰ ਜਾਰੀ ਹੋ ਜਾਵੇਗਾ ਅਤੇ 30 ਤੋਂ 40 ਦਿਨਾਂ ਵਿੱਚ ਵਿਸ਼ੇਸ਼ ਗਿਰਦਾਵਰੀ ਪੂਰੀ ਹੋ ਜਾਵੇਗੀ।

ਮਾਨ ਨੇ ਦਾਅਵਾ ਕੀਤਾ ਕਿ ਜਦ ਤੱਕ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਇੱਕ-ਇੱਕ ਪੈਸਾ ਪੀੜਤਾਂ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਉਹ ਨਾ ਆਪ ਚੈਨ ਨਾਲ ਸੌਣਗੇ ਅਤੇ ਨਾ ਹੀ ਅਧਿਕਾਰੀਆਂ ਨੂੰ ਸੌਣ ਦੇਣਗੇ। ਉਨ੍ਹਾਂ ਯਕੀਨੀ ਦਵਾਇਆ ਕਿ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਰਕਮ ਪਹੁੰਚ ਜਾਵੇਗੀ ਅਤੇ ਕਿਸੇ ਵੀ ਘਰ ਦਾ ਚੁੱਲ੍ਹਾ ਬੁੱਝਣ ਨਹੀਂ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਐਲਾਨ ਨਾਲ ਨਾਲ ਮਜ਼ਦੂਰਾਂ ਦੀ ਸਹਾਇਤਾ ਕਰਨ ਦੀ ਵੀ ਗੱਲ ਕੀਤੀ। ਪਸ਼ੂ ਦੇ ਨੁਕਸਾਨ ਲਈ 37,500 ਰੁਪਏ ਅਤੇ ਡਿੱਗੇ ਮਕਾਨਾਂ ਲਈ 40 ਹਜ਼ਾਰ ਰੁਪਏ ਪ੍ਰਤੀ ਘਰ ਦਿੱਤੇ ਜਾਣਗੇ। ਸਰਕਾਰ ਵੱਲੋਂ ਨਵੀਆਂ ਜੇਸੀਬੀ ਮਸ਼ੀਨਾਂ ਖਰੀਦ ਕੇ ਰੇਤ ਹਟਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਮਾਨ ਨੇ ਦੱਸਿਆ ਕਿ ਹੁਣ ਤੱਕ ਹੜ੍ਹਾਂ ਕਾਰਨ 55 ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚੋਂ 42 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਘੱਗਰ ਦਰਿਆ ਦਾ ਖ਼ਤਰਾ ਹਾਲੇ ਵੀ ਬਰਕਰਾਰ ਹੈ ਜਿਸ ਲਈ ਸਰਕਾਰ ਨੇ ਇੱਕ ਲੱਖ ਬੋਰੀਆਂ ਰੇਤ ਨਾਲ ਭਰ ਕੇ ਰੱਖੀਆਂ ਹਨ। ਜਲਦ ਹੀ ਨੁਕਸਾਨ ਦਾ ਪੂਰਾ ਲੇਖਾ-ਜੋਖਾ ਤਿਆਰ ਕਰਕੇ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਵੇਗਾ।
ਰਾਹਤ ਫੰਡਾਂ ਬਾਰੇ ਸਪਸ਼ਟੀਕਰਨ
ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ SDRF ਤਹਿਤ 1582 ਕਰੋੜ ਰੁਪਏ ਮਿਲੇ ਸਨ, ਜਿਨ੍ਹਾਂ ਵਿੱਚੋਂ 649 ਕਰੋੜ ਰੁਪਏ ਖਰਚ ਹੋ ਚੁੱਕੇ ਹਨ।

ਵਿਰੋਧੀਆਂ ’ਤੇ ਤਨਜ਼
ਮੁੱਖ ਮੰਤਰੀ ਨੇ ਵਿਰੋਧੀ ਆਗੂਆਂ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਕਾਂਗਰਸ ਤੋਂ ਭਾਜਪਾ ਵਿੱਚ ਗਏ ਨੇਤਾ ਪਹਿਲੀ ਕਤਾਰ ਵਿੱਚ ਬੈਠੇ ਸਨ, ਜਦਕਿ ਅਸਲ ਭਾਜਪਾ ਆਗੂ ਚੌਥੀ ਤੇ ਪੰਜਵੀਂ ਕਤਾਰ ਵਿੱਚ ਸਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਕਿਸਾਨਾਂ ਨੂੰ ਬੀਜ ਦੇਣ ਦੇ ਐਲਾਨ ’ਤੇ ਕਹਿਆ ਕਿ “ਬੀਜ ਵੀ ਨਕਲੀ ਹੀ ਦੇਵੇਗਾ,” ਕਿਉਂਕਿ ਤੋਤਾ ਸਿੰਘ ਵੇਲੇ ਦਾ ਬੀਜ ਘੁਟਾਲ਼ਾ ਲੋਕ ਅਜੇ ਵੀ ਨਹੀਂ ਭੁੱਲੇ।


Share & like

Leave a Reply