ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਤਰਨ ਤਾਰਨ, 12 ਸਤੰਬਰ – ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਬਾਰਾਂ ਸਾਲ ਪੁਰਾਣੇ ਮਾਮਲੇ ਵਿੱਚ ਅੱਜ ਫੈਸਲਾ ਸੁਣਾਉਂਦਿਆਂ ਖਡੂਰ ਸਾਹਿਬ ਹਲਕੇ ਦੇ ਚਰਚਿਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਅੱਠ ਜਣਿਆਂ ਨੂੰ ਚਾਰ-ਚਾਰ ਸਾਲ ਦੀ ਕੈਦ ਮੁਸ਼ਕਤ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਐਸਸੀ/ਐੱਸਟੀ ਐਕਟ ਤਹਿਤ ਦਿੱਤੀ ਗਈ ਹੈ।

ਅਦਾਲਤ ਵੱਲੋਂ ਦਫ਼ਾ 323, 354, 306, 148 ਅਤੇ 149 ਤਹਿਤ ਮੁਲਜ਼ਮਾਂ ਨੂੰ ਇੱਕ-ਇੱਕ ਸਾਲ ਦੀ ਵੱਖਰਾ ਕੈਦ ਵੀ ਸੁਣਾਈ ਗਈ ਹੈ। ਹਾਲਾਂਕਿ, ਉਨ੍ਹਾਂ ਨੂੰ ਜ਼ਮਾਨਤ ਦੀ ਸਹੂਲਤ ਮਿਲ ਗਈ ਹੈ।
ਇਸ ਮਾਮਲੇ ਦੇ ਕੁੱਲ 11 ਮੁਲਜ਼ਮਾਂ ਵਿੱਚੋਂ ਅੱਠ ਨੂੰ ਸਜ਼ਾ ਸੁਣਾਈ ਗਈ ਹੈ। ਸਜ਼ਾ ਭੋਗਣ ਵਾਲਿਆਂ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਪੁਲੀਸ ਮੁਲਾਜ਼ਮ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਸ਼ੋਸੀ ਅਤੇ ਕੰਵਲਦੀਪ ਸਿੰਘ ਸ਼ਾਮਲ ਹਨ।











