ਡੀਸੀ ਦੇ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਸਤੰਬਰ – ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਅੱਜ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਰਿਸ਼ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਬੇਜ਼ਮੀਨੇ ਤੇ ਸਾਧਨਹੀਣ ਕਿਰਤੀਆਂ ਦੀ ਅਣਗਹਿਲੀ ਕਰਨ ਦੇ ਰੋਸ ਵਜੋਂ ਪ੍ਰਦਰਸ਼ਨਕਾਰੀ ਆਗੂਆਂ ਨੇ ਡਿਪਟੀ ਕਮਿਸ਼ਨਰ ਦੀ ਗੈਰਹਾਜ਼ਰੀ ਵਿੱਚ ਸੁਪਰਡੈਂਟ ਵਿਜੇ ਕੁਮਾਰ ਰਾਹੀਂ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ।

ਸਟੇਜ ਦੀ ਜ਼ਿੰਮੇਵਾਰੀ ਮੇਜਰ ਸਿੰਘ ਕੋਟ ਟੋਡਰ ਮੱਲ (ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ) ਨੇ ਨਿਭਾਈ, ਜਦੋਂਕਿ ਪ੍ਰੋਗਰਾਮ ਦੀ ਪ੍ਰਧਾਨਗੀ ਮਨੀਰ ਮਸੀਹ ਸਤਕੋਹਾ, ਪ੍ਰੇਮ ਮਸੀਹ ਸੋਨਾ, ਧੀਰ ਸਿੰਘ ਚਿਤੌੜਗੜ੍ਹ, ਕਾਂਤਾ ਦੇਵੀ ਬਰਿਆਰ ਤੇ ਬਿਮਲ ਕੌਰ ਨੇ ਕੀਤੀ।
ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਹੜ੍ਹਾਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਘੱਟੋ ਘੱਟ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸਦੇ ਨਾਲ ਹੀ ਮਜ਼ਦੂਰਾਂ ਦੇ ਟੁੱਟੇ ਘਰਾਂ ਲਈ 15 ਲੱਖ, ਬਾਲੇ ਗਾਡਰਾਂ ਵਾਲੀਆਂ ਛੱਤਾਂ ਲਈ 5 ਲੱਖ, ਦੁਧਾਰੂ ਪਸ਼ੂਆਂ ਲਈ ਪ੍ਰਤੀ ਪਸ਼ੂ ਇੱਕ ਲੱਖ ਤੇ ਘਰੇਲੂ ਸਮਾਨ ਦੇ ਨੁਕਸਾਨ ਲਈ 50 ਹਜ਼ਾਰ ਰੁਪਏ ਦੀ ਭਰਪਾਈ ਕਰਨ ਦੀ ਮੰਗ ਕੀਤੀ ਗਈ।

ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਾਜ ਕੁਮਾਰ ਪੰਡੋਰੀ, ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ, ਦਲਬੀਰ ਭੋਲਾ, ਸੰਜੀਵ ਮਿੱਟੂ ਅਤੇ ਹੰਸਾ ਸਿੰਘ ਬਟਾਲਾ ਨੇ ਕਿਹਾ ਕਿ ਹੜ੍ਹ ਕੁਦਰਤੀ ਆਫ਼ਤ ਨਹੀਂ, ਸਗੋਂ ਸਰਕਾਰਾਂ ਦੀ ਅਣਗਹਿਲੀ, ਕੁਰੱਪਸ਼ਨ ਅਤੇ ਬੇਧਿਆਨਤੀ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੱਲੋਂ ਐਲਾਨੇ ਗਏ ਰਾਹਤ ਪੈਕੇਜ ਵਿੱਚ ਦਲਿਤ ਤੇ ਬੇਜ਼ਮੀਨੇ ਮਜ਼ਦੂਰਾਂ ਦਾ ਨਾਂ ਵੀ ਸ਼ਾਮਲ ਨਹੀਂ ਕੀਤਾ ਗਿਆ, ਜੋ ਕਿ ਵੱਡੀ ਨਾਈਂਸਾਫ਼ੀ ਹੈ।
ਮੰਗ ਪੱਤਰ ਵਿੱਚ ਇਹ ਵੀ ਸ਼ਾਮਲ ਸੀ ਕਿ:
ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮੁੜ ਉਸਾਰੀ ਮਨਰੇਗਾ ਵਰਕਰਾਂ ਰਾਹੀਂ ਕਰਵਾਈ ਜਾਵੇ ਤੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਨਿਰਧਾਰਤ ਕੀਤੀ ਜਾਵੇ।
ਸਰਕਾਰੀ, ਸਹਿਕਾਰੀ ਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮਾਫ਼ ਕੀਤੇ ਜਾਣ।
ਪ੍ਰਭਾਵਿਤ ਲੋਕਾਂ ਲਈ ਖੁਰਾਕ, ਦਵਾਈਆਂ ਅਤੇ ਤਰਪਾਲਾਂ ਦੀ ਫੌਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਦਰਿਆਵਾਂ, ਨਾਲਿਆਂ ਅਤੇ ਬੰਨ੍ਹਾਂ ਦੀ ਨਿਯਮਿਤ ਸਫਾਈ ਤੇ ਮਜ਼ਬੂਤੀ ਲਈ ਪੱਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ।

ਇਸ ਮੌਕੇ ਹੋਰ ਕਈ ਆਗੂਆਂ ਸਮੇਤ ਬੂਟਾ ਮਸੀਹ, ਜੋਗਿੰਦਰਪਾਲ ਲੇਹਲ, ਸੁਲੱਖਣ ਸਿੰਘ, ਬਿਆਸ ਦੇਵ ਭੱਟੀਆ, ਨਿਸ਼ਾਨ ਉਧੋਵਾਲ, ਫੂਲ ਚੰਦ, ਸਤਨਾਮ ਸਿੰਘ ਭੁੱਲਰ, ਬਲਵਿੰਦਰ ਮਿਸ਼ਰਪੁਰਾ, ਰੂਪ ਲਾਲ ਆਦਿ ਵੀ ਹਾਜ਼ਰ ਸਨ।










