ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਸਤੰਬਰ
ਚਿੱਪ ਵਾਲਾ ਮੀਟਰ ਨਾ ਲਗਾਉਣ ਕਾਰਨ ਇੱਕ ਕਿਸਾਨ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਅਤੇ ਐਸ.ਡੀ.ਓ ਵੱਲੋਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਮਾੜਾ ਵਿਵਹਾਰ ਕਰਨ ਖ਼ਿਲਾਫ਼ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸ਼ਹੀਦ ਬੀਬੀ ਸੁੰਦਰੀ ਜੀ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਇਕੱਠੇ ਹੋ ਕੇ ਸਬ ਡਵੀਜ਼ਨ ਪਡੋਰੀ ਮਹੰਤਾਂ ਦੇ ਐਸ.ਡੀ.ਓ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਜੋਨ ਪ੍ਰਧਾਨ ਸੁਖਜਿੰਦਰ ਸਿੰਘ ਗੋਹਤ ਪੋਖਰ, ਡਾ. ਦਲਜੀਤ ਸਿੰਘ ਅਤੇ ਰਾਣਾ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਗੋਕਤ ਪੋਖਰ ਦੇ ਕਿਸਾਨ ਪਰਮਿੰਦਰ ਸਿੰਘ ਨੇ ਚਿੱਪ ਵਾਲਾ ਮੀਟਰ ਲਗਾਉਣ ਤੋਂ ਇਨਕਾਰ ਕੀਤਾ ਸੀ। ਇਸ ਕਰਕੇ ਮਹਿਕਮੇ ਵਾਲਿਆਂ ਨੇ ਪਹਿਲਾਂ ਉਸਦਾ ਪੁਰਾਣਾ ਮੀਟਰ ਉਤਾਰ ਕੇ ਲੈ ਗਏ ਤੇ ਉਸ ਨੂੰ ਐਵਰੇਜ ਬਿੱਲ ਭੇਜਦੇ ਰਹੇ। ਹੁਣ ਐਸ.ਡੀ.ਓ ਵੱਲੋਂ ਡੀਫਾਲਟਿੰਗ ਅਮਾਉਂਟ ਦੇ ਬਹਾਨੇ ਉਸਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ।
ਆਗੂਆਂ ਨੇ ਦੋਸ਼ ਲਾਇਆ ਕਿ ਆਮ ਖਪਤਕਾਰਾਂ ਤੇ ਕਿਸਾਨਾਂ ਨੂੰ ਜਾਨਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਫਸਲ ਵੇਚ ਕੇ ਬਿਜਲੀ ਬਿੱਲ ਤਰਵਾ ਸਕਦੇ ਹਾਂ ਪਰ ਚਿੱਪ ਵਾਲੇ ਮੀਟਰ ਕਿਸੇ ਵੀ ਸੂਰਤ ਵਿੱਚ ਘਰਾਂ ਵਿੱਚ ਨਹੀਂ ਲਗਣ ਦਿੱਤੇ ਜਾਣਗੇ।
ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ 14 ਜੁਲਾਈ ਨੂੰ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਰੇ ਪੰਜਾਬ ਵਿੱਚ ਐਸ.ਈ. ਪਾਵਰਕਾਮ ਦਫਤਰਾਂ ਅੱਗੇ ਧਰਨੇ ਦਿੱਤੇ ਗਏ ਸਨ ਅਤੇ ਜਥੇਬੰਦੀ ਦੇ ਵਫ਼ਦ ਨੇ ਪਾਵਰਕਾਮ ਚੇਅਰਮੈਨ ਨਾਲ ਪਟਿਆਲੇ ਵਿੱਚ ਮੀਟਿੰਗ ਕਰਕੇ ਇਹ ਭਰੋਸਾ ਲਿਆ ਸੀ ਕਿ ਚਿੱਪ ਵਾਲੇ ਮੀਟਰ ਨਹੀਂ ਲਗਾਏ ਜਾਣਗੇ ਅਤੇ ਬਕਾਇਆ ਰਕਮ ਵੀ ਮੁਆਫ਼ ਕੀਤੀ ਜਾਵੇਗੀ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਅਤੇ ਮਹਿਕਮਾ ਬਿਜਲੀ ਜ਼ਬਰਦਸਤੀ ਚਿੱਪ ਵਾਲੇ ਮੀਟਰ ਲਗਾਉਣ ਦੀ ਕੋਸ਼ਿਸ਼ ਕਰੇਗਾ ਤਾਂ ਕਿਸਾਨ ਮਜ਼ਦੂਰ ਮੋਰਚੇ ਦੇ ਫ਼ੈਸਲੇ ਅਨੁਸਾਰ ਲੱਗੇ ਮੀਟਰ ਉਤਾਰ ਕੇ ਵਾਪਸ ਬਿਜਲੀ ਘਰਾਂ ਵਿੱਚ ਸੁੱਟੇ ਜਾਣਗੇ।

ਇਸ ਧਰਨੇ ਵਿੱਚ ਕੈਪਟਨ ਦਿਲਬਾਗ ਸਿੰਘ, ਸੁਖਦੇਵ ਸਿੰਘ, ਮਾਸਟਰ ਸੋਹਨ ਸਿੰਘ, ਕੈਪਟਨ ਪਰਮਜੀਤ ਸਿੰਘ, ਸਤਨਾਮ ਸਿੰਘ ਮੀਲਮਾ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਤਾਰਾ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਜਸਬੀਰ ਕੌਰ, ਪਰਮਿੰਦਰ ਕੌਰ, ਗੁਰਮੀਤ ਕੌਰ, ਗੁਰਬਚਨ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ ਅਤੇ ਹੋਰ ਬੀਬੀਆਂ ਤੇ ਕਿਸਾਨ ਸ਼ਾਮਲ ਹੋਏ।










