ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਸਤੰਬਰ
ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਪਿੰਡ ਧਾਰੋਵਾਲੀ ਵਿਖੇ ਪੁੱਜੇ।

ਇਸ ਮੌਕੇ ਸਥਾਨਕ ਕਾਂਗਰਸੀ ਆਗੂਆਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਦਿਆਂ ਹੜ੍ਹਾਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਬਾਰੇ ਗੱਲਬਾਤ ਕੀਤੀ ਅਤੇ ਡੇਰਾ ਬਿਆਸ ਵੱਲੋਂ ਕੀਤੀ ਮਦਦ ਲਈ ਧੰਨਵਾਦ ਕੀਤਾ। ਬਾਬਾ ਜੀ ਨੇ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦੁਹਰਾਇਆ।
ਸਾਂਸਦ ਰੰਧਾਵਾ ਨੇ ਕਿਹਾ ਕਿ ਬਾਬਾ ਜੀ ਵੱਲੋਂ ਇਲਾਕੇ ਦੇ ਦੁੱਖ-ਦਰਦ ਸਾਂਝੇ ਕਰਨ ਲਈ ਪਹੁੰਚਣਾ ਸੱਚੇ ਸਮਾਜਿਕ ਸੇਵਾ ਭਾਵ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਸਮੇਤ ਅਨੇਕਾਂ ਐਨਜੀਓ, ਸਮਾਜ ਸੇਵੀ ਅਤੇ ਪਰਵਾਸੀ ਇਸ ਆਪਦਾ ਦੀ ਘੜੀ ‘ਚ ਲੋਕਾਂ ਦੇ ਨਾਲ ਖੜ੍ਹੇ ਹਨ।

ਰੰਧਾਵਾ ਨੇ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕੇ ਹੜ੍ਹਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦੀ ਫ਼ਸਲ, ਮਾਲ-ਡੰਗਰ, ਖੇਤੀਬਾੜੀ ਸਾਮਾਨ ਅਤੇ ਘਰ-ਮਕਾਨ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਖੇਤ ਰੁੜ੍ਹ ਕੇ ਜਾਂ ਮੋਟੀ ਰੇਤ ਨਾਲ ਢੱਕ ਕੇ ਬੇਕਾਰ ਹੋ ਗਏ ਹਨ, ਜਿਸ ਨਾਲ ਅਗਲੀ ਫ਼ਸਲ ਦੀ ਬਿਜਾਈ ਦੀ ਕੋਈ ਉਮੀਦ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਲੋਕ ਇਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਵਿੱਚ ਹਨ। ਉਨ੍ਹਾਂ ਕਿਹਾ ਕਿ 20 ਹਜ਼ਾਰ ਰੁਪਏ ਨਾਲ ਖੇਤ ਸੁਧਾਰਨ, ਕਰਜ਼ਾ ਚੁਕਾਉਣ ਜਾਂ ਨਵਾਂ ਘਰ ਬਣਾਉਣ ਲਈ ਕਿਸੇ ਇੱਕ ਹੀ ਕੰਮ ਲਈ ਵੀ ਪੈਸਾ ਕਾਫ਼ੀ ਨਹੀਂ।
ਸਾਂਸਦ ਰੰਧਾਵਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਨੂੰ ਸਰਹੱਦੀ ਇਲਾਕਾ ਹੋਣ ਕਰਕੇ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਤਾਂ ਜੋ ਇਥੋਂ ਦਾ ਜਨ-ਜੀਵਨ ਮੁੜ ਪਟੜੀ ‘ਤੇ ਆ ਸਕੇ।

ਇਸ ਮੌਕੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਦਾ ਪੀੜਤਾਂ ਲਈ ਲਗਾਤਾਰ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਸਮਾਗਮ ‘ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਅਸ਼ੋਕ ਚੌਧਰੀ, ਅਮਨਦੀਪ ਜੈਂਤੀਪੁਰ ਅਤੇ ਕਾਂਗਰਸ ਆਗੂ ਸੰਜੀਵ ਕੁਮਾਰ ਸ਼ਰਮਾ ਵੀ ਹਾਜ਼ਰ ਸਨ।










