ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਬਾਰੇ ਚਿੰਤਾ ਜਤਾਈ, ਸਕੂਲ ਜ਼ਿਆਦਾ ਦਿਨ ਬੰਦ ਰਹਿਣ ‘ਤੇ ਕੀਤੇ ਜਾ ਸਕਦੇ ਹਨ ਬਦਲਵੇਂ ਪ੍ਰਬੰਧ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ/ਬਹਿਰਾਮਪੁਰ, 11 ਸਤੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਨੇ ਅੱਜ ਸਰਹੱਦੀ ਬਲਾਕ ਦੋਰਾਂਗਲਾ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਦੌਰਾ ਕੀਤਾ। ਉਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਨੂੰ ਹੋਏ ਨੁਕਸਾਨ, ਸਫ਼ਾਈ ਅਤੇ ਮੌਜੂਦਾ ਸਥਿਤੀ ਦਾ ਨਿਰੀਖਣ ਕੀਤਾ।

ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਗਾਹਲੜੀ, ਸਰਕਾਰੀ ਪ੍ਰਾਇਮਰੀ ਸਕੂਲ ਗਾਹਲੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਬੱਚਿਆਂ ਦੀ ਸੁਰੱਖਿਆ ਖ਼ਤਰੇ ਵਿੱਚ ਹੈ। ਕਈ ਇਮਾਰਤਾਂ ਅਣਸੁਰੱਖਿਅਤ ਹੋਣ ਕਰਕੇ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਗਈ ਹੈ।

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ 49 ਸਕੂਲ ਸੁਰੱਖਿਆ ਕਾਰਣਾਂ ਕਰਕੇ 14 ਸਤੰਬਰ ਤੱਕ ਬੰਦ ਹਨ, ਹਾਲਾਂਕਿ ਅਧਿਆਪਕਾਂ ਨੂੰ ਸਫ਼ਾਈ ਤੇ ਹੋਰ ਕੰਮਾਂ ਲਈ ਸਕੂਲ ਵਿੱਚ ਹਾਜ਼ਰ ਰਹਿਣ ਦੇ ਹੁਕਮ ਹਨ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਸਕੂਲਾਂ ਦੇ ਲੰਮੇ ਸਮੇਂ ਤੱਕ ਬੰਦ ਰਹਿਣ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਇਸ ਲਈ ਬਦਲਵਾਂ ਪ੍ਰਬੰਧ ਕਰਨ ਦੀ ਲੋੜ ਹੈ।

ਇਸ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਗਾਹਲੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਰਮੀ ਅਤੇ ਬੀਐਸਐਫ ਵੱਲੋਂ ਰਾਹਤ ਕੈਂਪ ਵੀ ਬਣਾਇਆ ਗਿਆ ਹੈ।

ਇਸ ਮੌਕੇ ਸੀਐਚਟੀ ਕਮਲ ਸ਼ਮਸ਼ੇਰ ਸਿੰਘ, ਪ੍ਰਦੀਪ ਕੁਮਾਰ, ਹਰਮਨਦੀਪ ਸਿੰਘ, ਕੁਲਵੰਤ ਸਿੰਘ, ਰਜੇਸ਼ ਕੁਮਾਰ ਸੈਣੀ, ਬਲਕਾਰ ਸਿੰਘ, ਰਾਜੀਵ ਸ਼ਰਮਾ, ਭੁਵਨੇਸ਼ਵਰ, ਭੁਪਿੰਦਰ ਕੌਰ, ਪੂਨਮ ਸੋਨੀ, ਮੀਨਾਕਸ਼ੀ, ਜੀਵਨ ਬਾਲਾ ਅਤੇ ਪਰਵੀਨ ਕੁਮਾਰ ਸਮੇਤ ਕਈ ਅਧਿਆਪਕ ਹਾਜ਼ਰ ਸਨ।

ਫੋਟੋ ਕੈਪਸ਼ਨ: ਜ਼ਿਲ੍ਹਾ ਸਿੱਖਿਆ ਅਫ਼ਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ ਦੇ ਸਟਾਫ਼ ਨਾਲ।










