ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਸਤੰਬਰ
ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਓਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਪੀੜ੍ਹਤਾਂ ਦੀ ਦਿਲ ਖੋਲ੍ਹ ਕੇ ਮਦਦ ਲਈ ਮੈਦਾਨ ਵਿੱਚ ਹਨ। ਨਵੀਂ ਦਿੱਲੀ ਦੀ ਪ੍ਰਸਿੱਧ ਐਨਜੀਓ ਸਹਿਯੋਗ ਕੇਅਰ ਫਾਰ ਯੂ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਈ ਹੈ ਅਤੇ ਸੰਸਥਾ ਵੱਲੋਂ ਜ਼ਰੂਰੀ ਸਮਾਨ ਨਾਲ ਭਰਿਆ ਟਰੱਕ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੂੰ ਭੇਟ ਕੀਤਾ ਗਿਆ।

ਇਹ ਸਮਾਨ ਜ਼ਿਲ੍ਹਾ ਸਹਾਇਤਾ ਕੇਂਦਰ ਵਿੱਚ ਨੋਡਲ ਅਧਿਕਾਰੀ ਆਰ.ਟੀ.ਓ. ਮੈਡਮ ਨਵਜੋਤ ਸ਼ਰਮਾ ਵੱਲੋਂ ਪ੍ਰਾਪਤ ਕੀਤਾ ਗਿਆ। ਐਨਜੀਓ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਮਨੁੱਖਤਾ ਦੀ ਭਲਾਈ ਲਈ ਦੇਸ਼ ਭਰ ਵਿੱਚ ਸਰਗਰਮ ਹਨ ਅਤੇ ਜਿਵੇਂ ਹੀ ਉਹਨਾਂ ਨੂੰ ਪੰਜਾਬ ਵਿੱਚ ਆਏ ਹੜ੍ਹ ਬਾਰੇ ਪਤਾ ਲੱਗਾ, ਉਹਨਾਂ ਨੇ ਤੁਰੰਤ ਸਹਾਇਤਾ ਭੇਜਣ ਦਾ ਫੈਸਲਾ ਕੀਤਾ।
ਐਨਜੀਓ ਵੱਲੋਂ ਦਿੱਤੇ ਗਏ ਸਮਾਨ ਵਿੱਚ ਖਾਣ-ਪੀਣ ਦੀਆਂ ਵਸਤਾਂ, ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਜ਼ਰੂਰੀ ਰੋਜ਼ਮਰਾ ਦੀਆਂ ਚੀਜ਼ਾਂ ਸ਼ਾਮਲ ਹਨ। ਇਸ ਰਾਹਤ ਸਮਗਰੀ ਦੀ ਵੰਡ ਸਮਾਜ ਸੇਵਕ ਵਿਨੋਦ ਮਹਾਜਨ ਦੀ ਅਗਵਾਈ ਵਿੱਚ ਮੈਂਬਰਾਂ ਸਾਹਿਲ, ਤਰੁਣ ਮਹਾਜਨ, ਵਿਕਾਸ, ਰਵਿੰਦਰ ਸੋਡੀ, ਰਕੇਸ਼, ਰਿਸ਼ੀ ਅਸ਼ਵਨੀ, ਰਾਮ ਜੀ ਅਤੇ ਅਨੂਪ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ।

ਵਿਨੋਦ ਮਹਾਜਨ ਨੇ ਕਿਹਾ ਕਿ ਸਹਿਯੋਗ ਕੇਅਰ ਫਾਰ ਯੂ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਤਿਆਰ ਰਹਿੰਦੀ ਹੈ ਅਤੇ ਜਿਲ੍ਹਾ ਗੁਰਦਾਸਪੁਰ ਦੇ ਹੜ੍ਹ ਪੀੜ੍ਹਤਾਂ ਲਈ ਭਵਿੱਖ ਵਿੱਚ ਵੀ ਪੂਰਾ ਯੋਗਦਾਨ ਦੇਣ ਲਈ ਵਚਨਬੱਧ ਹੈ।










