Share & like

ਬਜ਼ੁਰਗਾਂ ਦੀ ਅੰਜਲੀ: ਮਾਂ ਵਰਗੀ ਸੰਭਾਲ ਕਰਨ ਵਾਲੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ

ਆਦਰਸ਼ ਬਿਰਧ ਆਸ਼ਰਮ ਝਾਖੋਲਾਰੀ ਜੋ ਕਿ ਆਦਰਸ਼ ਸੋਸ਼ਲ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਗੁਰਦਾਸਪੁਰ ਵੱਲੋਂ ਇੱਕ ਦਸੰਬਰ 2021 ਤੋਂ ਚਲਾਇਆ ਜਾ ਰਿਹਾ ਹੈ, ਅੱਜ ਬਜ਼ੁਰਗਾਂ ਲਈ ਸੱਚੇ ਸਹਾਰੇ ਦਾ ਕੇਂਦਰ ਬਣ ਚੁੱਕਾ ਹੈ। ਇਸ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦੀ ਰਹਿਨੁਮਾਈ ਅਤੇ ਸੁਪਰਡੈਂਟ ਅੰਜਲੀ ਸ਼ਰਮਾ ਦੀ ਦਿਨ-ਰਾਤ ਦੀ ਸੇਵਾ ਨੇ ਸੈਂਕੜਿਆਂ ਬੇਸਹਾਰਾ ਬਜ਼ੁਰਗਾਂ ਦੀ ਜ਼ਿੰਦਗੀ ਵਿੱਚ ਉਮੀਦ ਦੀ ਰੌਸ਼ਨੀ ਜਗਾਈ ਹੈ।

ਅੰਜਲੀ ਸ਼ਰਮਾ ਦੱਸਦੀ ਹੈ ਕਿ ਉਹ 2021 ਤੋਂ ਇਸ ਆਸ਼ਰਮ ਨਾਲ ਜੁੜੀ ਹੈ ਅਤੇ ਅੱਜ ਤੱਕ ਲਗਭਗ 350 ਬਜ਼ੁਰਗਾਂ ਨੂੰ ਸਹਾਰਾ ਦੇ ਚੁੱਕੀ ਹੈ। ਇਨ੍ਹਾਂ ਵਿੱਚੋਂ ਕਰੀਬ 300 ਬਜ਼ੁਰਗਾਂ ਨੂੰ ਪਰਿਵਾਰਾਂ ਨਾਲ ਮਿਲਾ ਕੇ ਘਰ ਵਾਪਸ ਭੇਜਿਆ ਗਿਆ ਹੈ, ਜੋ ਮਨੁੱਖਤਾ ਦੀ ਵੱਡੀ ਜਿੱਤ ਹੈ।
ਆਸ਼ਰਮ ਦੇ 14 ਮੈਂਬਰਾਂ ਵਾਲਾ ਸਟਾਫ਼ ਖਾਣ-ਪੀਣ, ਸਫਾਈ ਅਤੇ ਦਵਾਈਆਂ ਦੀ ਸੰਭਾਲ ਕਰਦਾ ਹੈ। ਪਰ ਕਈ ਵਾਰ ਜਦੋਂ ਸਾਰਾ ਸਟਾਫ਼ ਛੁੱਟੀ ’ਤੇ ਹੁੰਦਾ ਹੈ, ਤਾਂ ਅੰਜਲੀ ਸ਼ਰਮਾ ਖ਼ੁਦ 25 ਬਜ਼ੁਰਗਾਂ ਲਈ ਖਾਣਾ ਬਣਾਉਂਦੀ ਹੈ ਅਤੇ ਉਹਨਾਂ ਦੇ ਕੱਪੜੇ ਤੱਕ ਆਪਣੇ ਹੱਥਾਂ ਨਾਲ ਧੋ ਦਿੰਦੀ ਹੈ। ਇਹ ਮਿਸਾਲ ਹੈ ਉਸ ਦਿਲ ਦੀ ਜਿਸ ਵਿੱਚ ਸਿਰਫ਼ ਸੇਵਾ ਹੀ ਵਸਦੀ ਹੋਵੇ।

ਫਾਈਲ ਫੋਟੋ: ਅੰਜਲੀ ਸ਼ਰਮਾ
ਉਹ ਕਹਿੰਦੀ ਹੈ, “ਇਹ ਬਜ਼ੁਰਗ ਪਰਮਾਤਮਾ ਦੇ ਰੂਪ ਹਨ। ਘਰ ਦਾ ਬਜ਼ੁਰਗ ਇੱਕ ਬੋੜ ਦੀ ਤਰ੍ਹਾਂ ਹੁੰਦਾ ਹੈ, ਜੋ ਪਰਿਵਾਰ ਨੂੰ ਛਾਂ ਦੇਂਦਾ ਹੈ। ਸਾਨੂੰ ਇਹਨਾਂ ਨੂੰ ਘਰੋਂ ਬੇਘਰ ਨਹੀਂ ਕਰਨਾ ਚਾਹੀਦਾ ਕਿਉਂਕਿ ਸ੍ਰਿਸ਼ਟੀ ਦਾ ਚੱਕਰ ਗੋਲ ਹੈ ਅਤੇ ਜੋ ਅੱਜ ਅਸੀਂ ਕਰਦੇ ਹਾਂ, ਉਹ ਕੱਲ੍ਹ ਸਾਡੇ ਨਾਲ ਵੀ ਹੋ ਸਕਦਾ ਹੈ।”
ਉਹ ਹੱਸਦੀ ਹੋਈ ਕਹਿੰਦੀ ਹੈ, “ਕਈ ਵਾਰ ਇਹ ਬਜ਼ੁਰਗ ਮੇਰੇ ਲਈ ਮੇਰੇ ਆਪਣੇ ਮਾਪਿਆਂ ਵਰਗੇ ਬਣ ਜਾਂਦੇ ਹਨ। ਉਹਨਾਂ ਦੀ ਖੁਸ਼ੀ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ।”

ਪਿਛਲੇ ਪੰਜ ਸਾਲ ਤੋਂ ਨਿਰੰਤਰ ਸੇਵਾ ਨਿਭਾ ਰਹੀ ਅੰਜਲੀ ਸ਼ਰਮਾ ਦੀ ਇਹ ਕੋਸ਼ਿਸ਼ ਹੈ ਕਿ ਹਰ ਬਜ਼ੁਰਗ ਆਪਣੇ ਆਪ ਨੂੰ ਘਰ ਵਰਗੇ ਮਾਹੌਲ ਵਿੱਚ ਮਹਿਸੂਸ ਕਰੇ। ਚਾਹੇ ਹੜ੍ਹ ਦੇ ਦਿਨ ਹੋਣ ਜਾਂ ਕਿਸੇ ਪਰਿਵਾਰ ਦੀ ਲੋੜ, ਆਸ਼ਰਮ ਦੀ ਟੀਮ ਹਮੇਸ਼ਾ ਲੋੜਵੰਦਾਂ ਦੇ ਘਰ ਤੱਕ ਮਦਦ ਪਹੁੰਚਾਉਂਦੀ ਹੈ।
ਅੱਜ ਆਦਰਸ਼ ਬ੍ਰਿਧ ਆਸ਼ਰਮ ਸਿਰਫ਼ ਇੱਕ ਢਾਂਚਾ ਨਹੀਂ, ਬਲਕਿ ਮਨੁੱਖਤਾ ਦੀ ਸੱਚੀ ਪਰਿਭਾਸ਼ਾ ਬਣ ਚੁੱਕਾ ਹੈ। ਜਿਸ ਦੇ ਕੇਂਦਰ ਵਿੱਚ ਹੈ ਅੰਜਲੀ ਸ਼ਰਮਾ ਦਾ ਪਿਆਰ, ਸਮਰਪਣ ਅਤੇ ਸੇਵਾ ਭਾਵ।


Share & like

Leave a Reply