ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ, 8 ਸਤੰਬਰ
ਬਜ਼ੁਰਗਾਂ ਦਾ ਵਿਹੜਾ ਆਦਰਸ਼ ਬਿਰਧ ਆਸ਼ਰਮ ਝਾਖੋਲਾੜੀ ਪਠਾਨਕੋਟ, ਜੋ ਪਿਛਲੇ ਚਾਰ ਸਾਲਾਂ ਤੋਂ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ, ਵਿੱਚ ਅੱਜ ਸਿਵਲ ਹਸਪਤਾਲ ਪਠਾਨਕੋਟ ਅਤੇ ਸੀ.ਐਚ.ਐਸ.ਸੀ. ਹਸਪਤਾਲ ਘਰੋਟਾ ਦੀ ਟੀਮ ਵੱਲੋਂ ਮੁਫ਼ਤ ਜਰਨਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।

ਇਸ ਮੈਡੀਕਲ ਕੈਂਪ ਵਿੱਚ ਡਾ. ਸੰਦੀਪ ਬਾਲਾ (RMO), ਡਾ. ਤਨਵੀ ਭਰਦਵਾਜ (CHO), ਮਮਤਾ ਮਹਾਜਨ (RPO) ਅਤੇ ਸੀਮਾ ਚੌਧਰੀ (MPH) ਨੇ ਸ਼ਿਰਕਤ ਕੀਤੀ। ਟੀਮ ਨੇ ਬਜ਼ੁਰਗਾਂ ਨਾਲ ਮਿਲ ਕੇ ਉਹਨਾਂ ਦੀ ਖੇਰ-ਖਬਰ ਲਈ, ਸ਼ੂਗਰ ਅਤੇ ਬੀਪੀ ਦੇ ਟੈਸਟ ਕੀਤੇ।
ਡਾ. ਕਿਰਨ ਅਤੇ ਡਾ. ਤਨਵੀ ਨੇ ਬਜ਼ੁਰਗਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਜੀਵਨ ਨੂੰ ਰੱਬ ਦਾ ਭਾਣਾ ਮੰਨ ਕੇ ਜੀਣਾ ਚਾਹੀਦਾ ਹੈ ਅਤੇ ਹਰ ਵੇਲੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ। ਡਾ. ਸੰਦੀਪ ਬਾਲਾ ਨੇ ਬਜ਼ੁਰਗਾਂ ਨੂੰ ਸਮੇਂ-ਸਮੇਂ ’ਤੇ ਦਵਾਈ ਲੈਣ ਅਤੇ ਤੰਦਰੁਸਤ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ CHSC ਘਰੋਟਾ ਦੀ ਟੀਮ ਵੱਲੋਂ ਆਸ਼ਰਮ ਵਿੱਚ ਕੀਟਨਾਸ਼ਕ ਸਪਰੇ ਵੀ ਕੀਤਾ ਗਿਆ। ਟੀਮ ਨੇ ਚੇਤਾਵਨੀ ਦਿੱਤੀ ਕਿ ਵਾਰਿਸ ਅਤੇ ਹੜ੍ਹਾਂ ਦੇ ਕਾਰਨ ਜਮੀ ਪਾਣੀ ਤੋਂ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ, ਇਸ ਲਈ ਸਾਫ਼-ਸੁਥਰਾ ਵਾਤਾਵਰਣ ਬਣਾਉਣਾ ਬਹੁਤ ਜ਼ਰੂਰੀ ਹੈ।
ਟੀਮ ਦੇ ਮੈਂਬਰਾਂ ਨੇ ਆਸ਼ਰਮ ਦੇ ਪ੍ਰਬੰਧਾਂ ਦੀ ਖਾਸ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੋਰ ਬ੍ਰਿਧ ਆਸ਼ਰਮਾਂ ਵਿੱਚ ਵੀ ਜਾਂਦੇ ਹਨ, ਪਰ ਇਥੇ ਦੇ ਬਜ਼ੁਰਗ ਬਹੁਤ ਖੁਸ਼ ਤੇ ਸੰਤੁਸ਼ਟ ਦਿਖਾਈ ਦਿੰਦੇ ਹਨ। ਉਹਨਾਂ ਨੇ ਆਸ਼ਰਮ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਨੂੰ ਭਰੋਸਾ ਦਿਵਾਇਆ ਕਿ ਬਜ਼ੁਰਗਾਂ ਨੂੰ ਫ੍ਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਅੱਗੇ ਵੀ ਇਹ ਸਹਿਯੋਗ ਜਾਰੀ ਰਹੇਗਾ।

ਇਸ ਮੌਕੇ ਆਸ਼ਰਮ ਪ੍ਰਬੰਧਕ ਮੈਡਮ ਅੰਜਲੀ ਸ਼ਰਮਾ ਅਤੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਨੇ ਆਈ ਹੋਈ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਆਸ਼ਰਮ ਦਾ ਸਾਰਾ ਸਟਾਫ਼ – ਕੁਆਰਡੀਨੇਟਰ ਮੈਡਮ ਇੰਦਰਜੀਤ ਕੌਰ, ਸਵਿਤਾ, ਰੂਪ ਰਾਣੀ, ਰਾਜ ਰਾਣੀ, ਪੂਜਾ ਦੇਵੀ, ਕਮਲੇਸ਼ ਕੁਮਾਰੀ, ਰਮੇਸ਼ ਚੰਦਰ, ਵਿਪਨ ਕੁਮਾਰ ਆਦਿ ਵੀ ਮੌਜੂਦ ਸਨ।










