Share & like

ਡੇਰਾ ਬਾਬਾ ਨਾਨਕ ਹੜ੍ਹ ਪੀੜਤਾਂ ਦੇ ਹੱਕ ਵਿੱਚ 10 ਸਤੰਬਰ ਨੂੰ ਧਰਨਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਸਤੰਬਰ
ਸੀਪੀਆਈ (ਐਮ/ਐਲ) ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਸਾਂਝੀ ਟੀਮ ਵੱਲੋਂ ਡੇਰਾ ਬਾਬਾ ਨਾਨਕ ਇਲਾਕੇ ਦੇ ਕਈ ਹੜ੍ਹ-ਪੀੜਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ 10 ਸਤੰਬਰ ਨੂੰ ਐਸ.ਡੀ.ਐਮ ਦਫ਼ਤਰ ਡੇਰਾ ਬਾਬਾ ਨਾਨਕ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਟੀਮ ਨੇ ਖੰਨਾ ਚਮਾਰਾ, ਰਾਮਦੁਆਲੀ, ਘੋਨੇਵਾਲ, ਸ਼ਹਿਜ਼ਾਦਾ ਸਮੇਤ ਦਰਜਨ ਭਰ ਪਿੰਡਾਂ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਆਗੂਆਂ ਨੇ ਦੱਸਿਆ ਕਿ ਹੜ੍ਹ ਆਉਣ ਨੂੰ 20 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਪਿੰਡਾਂ ਤੱਕ ਨਹੀਂ ਪਹੁੰਚਿਆ।
ਕਿਸਾਨ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਕਾਮਲਪੁਰ, ਗੁਰਿੰਦਰ ਸਿੰਘ ਖੱਦਰ, ਲਖਵਿੰਦਰ ਸਿੰਘ ਰੋਸਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਹਜ਼ਾਰਾਂ ਏਕੜਾਂ ਵਿੱਚ ਝੋਨਾ, ਗੋਭੀ, ਗੰਨਾ ਤੇ ਹੋਰ ਫਸਲਾਂ ਤਬਾਹ ਹੋ ਗਈਆਂ ਹਨ, ਗਰੀਬਾਂ ਦੇ ਘਰ ਢਹਿ ਗਏ ਹਨ ਪਰ ਸਰਕਾਰ ਵੱਲੋਂ ਨੁਕਸਾਨ ਦੀ ਪੜਤਾਲ ਜਾਂ ਸਹਾਇਤਾ ਲਈ ਕੋਈ ਕਾਰਵਾਈ ਨਹੀਂ ਹੋਈ।

ਆਗੂਆਂ ਨੇ ਮੰਗ ਕੀਤੀ ਕਿ ਫਸਲਾਂ ਦਾ ਘੱਟੋ-ਘੱਟ 70,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਹੜ੍ਹ ਦੌਰਾਨ ਹੋਈ ਹਰ ਮੌਤ ਲਈ 10 ਲੱਖ ਰੁਪਏ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਐਲਾਨੇ ਗਏ 20,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਨੂੰ ਨਾਕਾਫ਼ੀ ਦੱਸਿਆ।
ਇਸੇ ਨਾਲ, ਆਗੂਆਂ ਨੇ ਕਿਹਾ ਕਿ ਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਕੋਈ ਸਪਸ਼ਟ ਗਾਈਡਲਾਈਨ ਨਹੀਂ ਦਿੱਤੀ ਗਈ, ਜਿਸ ਨਾਲ ਅਸਲ ਪੀੜਤਾਂ ਦੀ ਬਜਾਏ ਭ੍ਰਿਸ਼ਟ ਤੱਤ ਹੀ ਲਾਭ ਲੈ ਸਕਦੇ ਹਨ।
ਲਿਬਰੇਸ਼ਨ ਨੇ ਮੋਦੀ ਸਰਕਾਰ ਨੂੰ ਵੀ ਘੇਰਿਆ ਕਿ ਜਿਵੇਂ ਗੁਜਰਾਤ ਅਤੇ ਉੱਤਰਾਖੰਡ ਵਿੱਚ ਤੁਰੰਤ ਰਾਹਤ ਪੈਕੇਜ ਦਿੱਤੇ ਗਏ, ਉਸੇ ਤਰ੍ਹਾਂ ਪੰਜਾਬ, ਹਿਮਾਚਲ ਅਤੇ ਜੇ&ਕੇ ਲਈ ਵੀ ਤੁਰੰਤ ਪੈਕੇਜ ਐਲਾਨਿਆ ਜਾਣਾ ਚਾਹੀਦਾ ਸੀ, ਪਰ ਕੇਂਦਰ ਵੱਲੋਂ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।

ਟੀਮ ਵਿੱਚ ਦਲਬੀਰ ਸਿੰਘ ਖਦਰ, ਦਲਬੀਰ ਭੋਲਾ, ਕੁਲਵੰਤ ਰਾਮਦੀਵਾਲੀ ਅਤੇ ਜਗਜੀਤ ਸਿੰਘ ਸੇਖਕਬੀਰ ਵੀ ਸ਼ਾਮਲ ਸਨ।


Share & like

Leave a Reply