ਮੈਟ ਖ਼ਰਾਬ ਹੋਣ ਕਾਰਨ ਜੂਡੋਕਾ ਅਭਿਆਸ ਕਰਨ ਤੋਂ ਅਸਮਰਥ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਸਤੰਬਰ
ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਨੂੰ ਹਾਲੀਆ ਭਾਰੀ ਬਾਰਸ਼ਾਂ ਅਤੇ ਹੜ੍ਹਾਂ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਹੈ। ਪਾਣੀ ਸੈਂਟਰ ਵਿੱਚ ਘੁੱਸਣ ਕਾਰਨ ਲੱਖਾਂ ਰੁਪਏ ਦੇ ਜੂਡੋ ਮੈਟ ਅਤੇ ਖੇਡ ਸਮਾਨ ਖਰਾਬ ਹੋ ਗਿਆ, ਜਿਸ ਕਾਰਨ ਸੈਂਟਰ ਨੂੰ ਬੰਦ ਕਰਨਾ ਪਿਆ।

ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਇਹ ਮੈਟ ਲਗਭਗ 13 ਸਾਲ ਪੁਰਾਣੇ ਸਨ ਅਤੇ ਹੁਣ ਪ੍ਰੈਕਟਿਸ ਲਈ ਬਿਲਕੁਲ ਅਣਉਪਯੋਗ ਹਨ। ਇਸ ਕਰਕੇ ਖਿਡਾਰੀ ਮੈਡਲ ਜਿੱਤਣ ਦੇ ਸੁਪਨੇ ਦੇਖਦੇ ਹੋਏ ਵੀ ਵਿਹਲੇ ਬੈਠੇ ਹਨ। ਉਨ੍ਹਾਂ ਦੱਸਿਆ ਕਿ
29 ਸਤੰਬਰ ਨੂੰ ਦਿੱਲੀ ਵਿੱਚ ਸੀਨੀਅਰ ਜੂਡੋ ਖਿਡਾਰੀਆਂ ਦੀ ਰੈਂਕਿੰਗ ਟੂਰਨਾਮੈਂਟ ਹੋਣੀ ਹੈ, ਜਿਸ ਰਾਹੀਂ ਕਾਮਨਵੈਲਥ ਗੇਮਜ਼ 2026 ਅਤੇ ਏਸ਼ੀਅਨ ਗੇਮਜ਼ ਲਈ ਚੋਣ ਹੋਣੀ ਹੈ।

ਇਸ ਤੋਂ ਇਲਾਵਾ ਆਲ ਇੰਡੀਆ ਪੁਲਿਸ ਖੇਡਾਂ, ਯੂਨੀਵਰਸਿਟੀ ਖੇਡਾਂ ਅਤੇ ਜੂਨੀਅਰ ਕੈਡਿਟਸ ਚੈਂਪੀਅਨਸ਼ਿਪ ਵੀ ਆਉਣ ਵਾਲੀਆਂ ਹਨ। ਇਸ ਹਾਲਾਤ ਵਿੱਚ ਖਿਡਾਰੀਆਂ ਲਈ ਪ੍ਰੈਕਟਿਸ ਕਰਨਾ ਅਸੰਭਵ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਖੇਡਣ ਆਉਣ ਵਾਲੇ ਕਈ ਖਿਡਾਰੀ ਪਹਿਲਾਂ ਹੀ ਵਿੱਤੀ ਤੰਗੀ ਦਾ ਸ਼ਿਕਾਰ ਹਨ। ਇਸ ਕਰਕੇ ਖਿਡਾਰੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਹੈ ਕਿ ਉਹ ਵਾਅਦੇ ਅਨੁਸਾਰ ਜਲਦੀ ਤੋਂ ਜਲਦੀ ਨਵੇਂ ਜੂਡੋ ਮੈਟ ਸੈਂਟਰ ਨੂੰ ਮੁਹੱਈਆ ਕਰਵਾਉਣ, ਤਾਂ ਜੋ ਉਹ ਦੁਬਾਰਾ ਤਿਆਰੀ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ।











