Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਸਤੰਬਰ
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ 7 ਸਤੰਬਰ ਤੱਕ ਸਕੂਲ ਬੰਦ ਰੱਖੇ ਗਏ ਸਨ। ਹੁਣ 8 ਸਤੰਬਰ ਤੋਂ ਸਕੂਲ ਮੁੜ ਖੁੱਲ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਕਲਾਸ ਰੂਮਾਂ ਅਤੇ ਕਮਰਿਆਂ ਦੀ ਪੂਰੀ ਜਾਂਚ ਕੀਤੀ ਜਾਵੇ, ਕਿਉਂਕਿ ਬੰਦ ਕਮਰਿਆਂ ਵਿੱਚ ਸੱਪ ਜਾਂ ਹੋਰ ਜੀਵ ਹੋ ਸਕਦੇ ਹਨ।
ਬਿਜਲੀ ਦੇ ਉਪਕਰਣਾਂ ਅਤੇ ਵਾਇਰਿੰਗ ਦੀ ਸੁਰੱਖਿਆ ਜਾਂਚ ਜ਼ਰੂਰੀ ਹੈ। ਇਸੇ ਤਰ੍ਹਾਂ ਸਕੂਲ ਦੀ ਚਾਰ-ਦੁਆਰੀ ਜਾਂ ਕਮਜ਼ੋਰ ਕੰਧਾਂ ਦੇ ਨੇੜੇ ਬੱਚਿਆਂ ਨੂੰ ਜਾਣ ਤੋਂ ਰੋਕਿਆ ਜਾਵੇ।

ਉਨ੍ਹਾਂ ਕਿਹਾ ਹੈ ਕਿ ਸਕੂਲ ਦੇ ਪੀਣ ਵਾਲੇ ਪਾਣੀ ਅਤੇ ਟੈਂਕੀਆਂ ਨੂੰ ਪੂਰੀ ਤਰ੍ਹਾਂ ਸਾਫ਼ ਕਰਵਾਇਆ ਜਾਵੇ।ਸਕੂਲ ਕੈਂਪਸ ਦੀ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਮੱਛਰ-ਜੰਤੂਆਂ ਕਾਰਨ ਬਿਮਾਰੀਆਂ ਨਾ ਫੈਲ੍ਹਣ। ਉਨ੍ਹਾਂ ਕਿਹਾ ਕਿ ਸਬ-ਮਰਸੀਬਲ ਪੰਪ, ਸੈਪਟਿਕ ਟੈਂਕ ਅਤੇ ਖੜ੍ਹੇ ਪਾਣੀ ਵਾਲੀਆਂ ਥਾਵਾਂ ਤੋਂ ਵਿਦਿਆਰਥੀਆਂ ਨੂੰ ਦੂਰ ਰੱਖਿਆ ਜਾਵੇ। ਇਸੇ ਤਰ੍ਹਾਂ ਵਧੇ ਹੋਏ ਘਾਹ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ ਜਹਰੀਲੇ ਜੀਵਾਂ ਤੋਂ ਬਚਾਅ ਹੋ ਸਕੇ।

ਉਨ੍ਹਾਂ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਕੂਲ ਖੁੱਲਣ ਤੋਂ ਪਹਿਲਾਂ ਸੁਰੱਖਿਆ ਅਤੇ ਸਫ਼ਾਈ ਦੀ ਜ਼ਿੰਮੇਵਾਰੀ ਸਾਰਿਆਂ ਦੀ ਸਾਂਝੀ ਬਣਦੀ ਹੈ ਅਤੇ ਇਖਲਾਕੀ ਫਰਜ਼ ਵੀ ਬਣਦਾ ਹੈ। ਉਧਰ ਅਧਿਆਪਕਾਂ ਵਿੱਚ ਸਕੂਲ ਖੁੱਲਣ ਨੂੰ ਲੈ ਕੇ ਖੁਸ਼ੀ ਹੈ। ਉਨ੍ਹਾਂ ਨੇ ਕਿਹਾ ਅਧਿਆਪਕਾਂ ਨੇ ਅਜਿਹੀਆਂ ਛੁੱਟੀਆਂ ਦੀ ਕਦੇ ਵੀ ਕਾਮਨਾ ਨਹੀਂ ਕੀਤੀ ਹੈ।


Share & like

Leave a Reply