ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ
ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਬਹਿਰਾਮਪੁਰ, 06 ਸਤੰਬਰ
ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਬੀ.ਐੱਸ.ਐੱਫ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਤੇ ਰਾਹਤ ਦੇ ਨਾਲ ਨਾਲ ਹੁਣ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਅੱਜ ਪਿੰਡ ਹਰੂਵਾਲ ਤੇ ਗਾਹਲੜੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਹਰੂਵਾਲ ਵਿਖੇ ਕੈਂਪ ਦਾ ਉਦਘਾਟਨ ਕਮਾਂਡੈਂਟ 27 ਬਟਾਲਿਅਨ ਬੀ.ਐੱਸ.ਐੱਫ. ਮਨ ਸਿੰਘ ਨੇ ਕੀਤਾ ਜਦਕਿ ਗਾਹਲੜੀ ਵਿਖੇ ਉਦਘਾਟਨ ਕਮਾਂਡੈਂਟ 58 ਬਟਾਲਿਅਨ ਕਮਲ ਯਾਦਵ ਤੇ ਡੀ.ਆਈ.ਜੀ. ਜੇ.ਕੇ. ਬਿਰਦੀ ਵੱਲੋਂ ਕੀਤਾ ਗਿਆ।
ਇਨ੍ਹਾਂ ਕੈਂਪਾਂ ਵਿੱਚ ਡਾ. ਸ਼ਿਵਾਨੀ ਗਰਗ (ਗਾਇਨੋਕੋਲੋਜਿਸਟ), ਡਾ. ਗੁਰਬੀਰ ਸਿੰਘ (ਅੰਦਰੂਨੀ ਬਿਮਾਰੀਆਂ) ਅਤੇ ਡਾ. ਅਪੂਰਵਾ ਮੁਖਰਈਆ (ਐਸ.ਐਮ.ਓ. ਬੀ.ਐੱਸ.ਐੱਫ.) ਵੱਲੋਂ ਲੋਕਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਬੀ.ਐੱਸ.ਐੱਫ. ਦੀਆਂ ਮੈਡੀਕਲ ਟੀਮਾਂ ਕਿਸ਼ਤੀ ਰਾਹੀਂ ਉਹਨਾਂ ਪਿੰਡਾਂ ਤੱਕ ਵੀ ਪਹੁੰਚ ਰਹੀਆਂ ਹਨ ਜਿੱਥੇ ਅਜੇ ਵੀ ਪਾਣੀ ਖੜ੍ਹਾ ਹੈ। ਡਾਕਟਰ ਲੋਕਾਂ ਨੂੰ ਹੜ੍ਹ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਜਾਗਰੂਕ ਕਰ ਰਹੇ ਹਨ।

ਬੀ.ਐੱਸ.ਐੱਫ. ਅਧਿਕਾਰੀਆਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਵਿੱਚ ਇਹ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਉਪਰਾਲੇ ਜਾਰੀ ਰਹਿਣਗੇ।










