ਕਿਸਾਨਾਂ ਵੱਲੋਂ ਰੋਪੜ-ਚੰਡੀਗੜ੍ਹ ਹਾਈਵੇਅ ਜਾਮ
ਰੋਜ਼ਾਨਾ ਖ਼ਬਰ
ਰੂਪਨਗਰ, 6 ਸਤੰਬਰ
ਰੂਪਨਗਰ ਜ਼ਿਲ੍ਹੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਪੁਲੀਸ ਲਾਈਨ ਰੂਪਨਗਰ ਦੇ ਸਾਹਮਣੇ ਧਰਨਾ ਲਗਾਇਆ। ਧਰਨਾਕਾਰੀਆਂ ਨੇ ਦਾਊਦਪੁਰ ਅਤੇ ਫਸੇ ਵਿਖੇ ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਪੱਕੇ ਤੌਰ ’ਤੇ ਮਜ਼ਬੂਤ ਕਰਨ ਦੀ ਮੰਗ ਕੀਤੀ।

ਕਿਸਾਨ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਵੱਲੋਂ ਰੇਤੇ ਦੇ ਥੈਲੇ ਲਗਾ ਕੇ ਬੰਨ੍ਹ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਤੇਜ਼ ਪਾਣੀ ਅੱਗੇ ਇਹ ਥੈਲੇ ਟਿਕ ਨਹੀਂ ਰਹੇ।
ਆਗੂਆਂ ਨੇ ਦੋਸ਼ ਲਗਾਇਆ ਕਿ ਰਸੂਖਵਾਨਾਂ ਅਤੇ ਸਾਬਕਾ ਅਧਿਕਾਰੀਆਂ ਦੀਆਂ ਜ਼ਮੀਨਾਂ ਅਤੇ ਦਰੱਖਤਾਂ ਨੂੰ ਬਚਾਉਣ ਲਈ ਆਮ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਦਰਿਆ ਦਾ ਰੁਖ ਸਿੱਧਾ ਕਰ ਦਿੱਤਾ ਜਾਵੇ ਤਾਂ ਕੰਢਿਆਂ ਨੂੰ ਹੋ ਰਿਹਾ ਖੋਰਾ ਰੁਕ ਸਕਦਾ ਹੈ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕੰਢਿਆਂ ਨੂੰ ਰੇਤੇ ਦੀ ਥੈਲੀ ਨਹੀਂ ਸਗੋਂ ਪੱਥਰਾਂ ਦੀ ਕਰੇਟ ਵਾਲ ਨਾਲ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ’ਤੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਗਾਏ।

ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ, ਜਿਸ ਕਾਰਨ ਹਾਈਵੇਅ ਜਾਮ ਹੋਣ ਨਾਲ ਆਮ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਫੌਜ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਬੰਨ੍ਹ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਕਿਸੇ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੈ।










