Share & like

ਰਾਹਤ ਕਾਰਜਾਂ ਦੀ ਸਮੀਖਿਆ, ਪ੍ਰਭਾਵਿਤ ਲੋਕਾਂ ਤੱਕ ਹਰ ਸਹਾਇਤਾ ਪਹੁੰਚਾਉਣ ਦੇ ਦਿੱਤੇ ਹੁਕਮ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 02 ਸਤੰਬਰ
ਪੰਜਾਬ ਸਰਕਾਰ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਸ੍ਰੀ ਵਰੁਣ ਰੂਜ਼ਮ ਅਤੇ ਸ੍ਰੀ ਬਸੰਤ ਗਰਗ ਵੱਲੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਆਦਿੱਤਯ ਸ਼ਰਮਾ ਅਤੇ ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ ਸ. ਗੁਰਮੰਦਰ ਸਿੰਘ ਵੀ ਮੌਜੂਦ ਸਨ।



ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਬੀ.ਡੀ.ਪੀ.ਓ. ਦਫ਼ਤਰ ਡੇਰਾ ਬਾਬਾ ਨਾਨਕ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਸ੍ਰੀ ਵਰੁਣ ਰੂਜ਼ਮ ਨੇ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਭੇਜੀ ਜਾ ਰਹੀ ਰਾਹਤ ਸਮਗਰੀ ਹਰ ਲੋੜਵੰਦ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਵੀ ਚੁਣੌਤੀਆਂ ਰਹਿਣਗੀਆਂ ਜਿਸ ਲਈ ਪ੍ਰਸ਼ਾਸਨ ਤਿਆਰ ਰਹੇ।

ਉਨ੍ਹਾਂ ਨੇ ਹੁਕਮ ਦਿੱਤੇ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੱਛਰਾਂ ਦੀ ਰੋਕਥਾਮ ਲਈ ਸਪਰੇਅ ਕੀਤਾ ਜਾਵੇ, ਪੀਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਾਲ ਹੀ ਪਸ਼ੂਆਂ ਦੇ ਇਲਾਜ ਅਤੇ ਚਾਰੇ ਦੀ ਵੀ ਵਿਆਵਸਥਾ ਕੀਤੀ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਸ਼ਲਾਘਾ ਵੀ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਦਿਨ-ਰਾਤ ਜੁਟੀਆਂ ਹੋਈਆਂ ਹਨ ਅਤੇ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਇਸ ਤੋਂ ਬਾਅਦ ਦੋਵੇਂ ਸੀਨੀਅਰ ਆਈ.ਏ.ਐੱਸ. ਅਧਿਕਾਰੀ ਹੜ੍ਹ ਕਾਰਨ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਇਲਾਕੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ।


Share & like

Leave a Reply