Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਿੰਡ ਬਲੱਗਣ ਦੀ ਇੱਕ ਵਿਧਵਾ ਬੀਬੀ ਦੀ ਜ਼ਮੀਨ ਨੂੰ ਇਕ ਆੜਤੀ ਵੱਲੋਂ ਧੋਖੇ ਨਾਲ ਹਥਿਆਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਕਮੇਟੀ ਵੱਲੋਂ ਉਸ ਬੀਬੀ ਨੂੰ ਇਨਸਾਫ ਦਿਵਾਉਣ ਲਈ ਸਖ਼ਤ ਸਟੈਂਡ ਲਿਆ ਗਿਆ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜ਼ਮੀਨ ਨੂੰ ਨਿਲਾਮ ਹੋਣ ਤੋਂ ਰੋਕਿਆ ਗਿਆ। ਹੁਣ ਕਮੇਟੀ ਆੜਤੀ ਅਤੇ ਪ੍ਰਭਾਵਿਤ ਪਰਿਵਾਰ ਦੋਹਾਂ ਧਿਰਾਂ ਨੂੰ ਬਿਠਾ ਕੇ ਪੱਖ ਸੁਣ ਕੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੇਗੀ।

ਇਸ ਦੇ ਨਾਲ ਹੀ, ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਬਾਰੇ ਵੀ ਵਿਚਾਰ ਕੀਤੇ ਗਏ। ਕਮੇਟੀ ਨੇ ਕਿਹਾ ਕਿ ਲਗਾਤਾਰ ਮੀਂਹ ਅਤੇ ਹੜ੍ਹਾਂ ਨਾਲ ਖੇਤਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਮਾਲ-ਡੰਗਰ ਅਤੇ ਘਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਕਰਜ਼ੇ ਹੇਠ ਦਬੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਭਵਿੱਖ ਗੰਭੀਰ ਖਤਰੇ ਵਿੱਚ ਹੈ।
ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਗਿਰਦਾਵਰੀ ਕਰਵਾ ਕੇ ਫਸਲਾਂ ਲਈ 60 ਹਜ਼ਾਰ ਰੁਪਏ ਪ੍ਰਤੀ ਕਿੱਲਾ, ਮਜ਼ਦੂਰਾਂ ਨੂੰ 10% ਮੁਆਵਜ਼ਾ, ਪਸ਼ੂਆਂ ਲਈ ਮੱਝ ਦਾ 1 ਲੱਖ ਰੁਪਏ, ਅਤੇ ਹੋਰ ਪਸ਼ੂਆਂ ਦਾ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਘਰਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਵੀ ਸਰਕਾਰ ਵੱਲੋਂ ਕੀਤੀ ਜਾਵੇ।

ਇਸ ਮੌਕੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਕਰਨੈਲ ਸਿੰਘ, ਸਤਨਾਮ ਸਿੰਘ ਖਜਾਨਚੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਉਪੁਰ, ਦਿਲਬਾਗ ਸਿੰਘ ਹਰਦੋਛੰਨੀ, ਰਸ਼ਪਾਲ ਸਿੰਘ ਡੁਗਰੀ, ਜਪਕੀਰਤ ਹੁੰਦਲ, ਨਿਰਮਲ ਸਿੰਘ, ਬੀਬੀ ਮਨਜਿੰਦਰ ਕੌਰ, ਬੀਬੀ ਜਗੀਰ ਕੌਰ ਸਮੇਤ ਹੋਰ ਮੈਂਬਰ ਹਾਜ਼ਰ ਸਨ।


Share & like

Leave a Reply