ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਸਤੰਬਰ
ਤਰਕਸ਼ੀਲ ਸੁਸਾਇਟੀ ਦੀ ਗੁਰਦਾਸਪੁਰ ਇਕਾਈ ਵੱਲੋਂ ਦੋਰਾਂਗਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸਲਾਮਪੁਰ, ਵਜ਼ੀਰਪੁਰ ਅਤੇ ਕੁਝ ਡੇਰਿਆਂ ਵਿੱਚ ਰਾਹਤ ਸਮਗਰੀ ਵੰਡ ਕੀਤੀ ਗਈ। ਇਸ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਦੁੱਧ, ਬਿਸਕੁਟ, ਪਾਣੀ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ।

ਤਰਕਸ਼ੀਲ ਆਗੂ ਤਰਲੋਚਨ ਸਿੰਘ, ਅਜੇ ਪਾਲ, ਨਗਿੰਦਰ ਸਿੰਘ, ਅਰੁਣ ਕੁਮਾਰ ਅਤੇ ਪ੍ਰੇਮ ਥਾਪਾ ਨੇ ਦੱਸਿਆ ਕਿ ਸਮਾਜਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਲੰਗਰ ਅਤੇ ਰਾਸ਼ਨ ਵੱਡੀ ਮਾਤਰਾ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੁਝ ਇਲਾਕਿਆਂ ਵਿੱਚ ਅਜੇ ਵੀ ਬਹੁਤ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਉਥੇ ਸਹਾਇਤਾ ਪਹੁੰਚਾਉਣੀ ਮੁਸ਼ਕਲ ਬਣੀ ਹੋਈ ਹੈ। ਪਸ਼ੂ–ਪੰਛੀਆਂ ਦੀ ਮੌਤ ਨਾਲ ਹਾਲਾਤ ਹੋਰ ਗੰਭੀਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਣੀ ਉਤਰਨ ਤੋਂ ਬਾਅਦ ਚਮੜੀ ਦੇ ਰੋਗ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦੀ ਸੰਭਾਵਨਾ ਹੈ। ਇਸ ਲਈ ਦਸ–ਪੰਦਰਾਂ ਦਿਨਾਂ ਬਾਅਦ ਪ੍ਰਭਾਵਿਤ ਲੋਕਾਂ ਨੂੰ ਆਰਥਿਕ ਮਦਦ ਦੀ ਵੀ ਲੋੜ ਪਵੇਗੀ। ਤਰਕਸ਼ੀਲ ਸਾਥੀਆਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਸਮਰੱਥਾ ਅਨੁਸਾਰ ਭਵਿੱਖ ਵਿੱਚ ਵੀ ਸਹਿਯੋਗ ਜਾਰੀ ਰੱਖਣਗੇ।

ਆਗੂਆਂ ਨੇ ਕਿਹਾ ਕਿ ਰਾਹਤ ਕਾਰਜਾਂ ਵਿੱਚ ਸਿਆਸਤ, ਧਰਮ ਅਤੇ ਜਾਤ–ਪਾਤ ਦੇ ਵਖਰੇਵੇਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ, ਜੋ ਇਕ ਬਹੁਤ ਹੀ ਸਹਿਰਾਣਯੋਗ ਗੱਲ ਹੈ।










