ਹੁਣ 1 ਅਕਤੂਬਰ ਨੂੰ ਹੋਵੇਗੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਰਾਜ ਵਿਆਪੀ ਕਾਰਵਾਈ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਸਤੰਬਰ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਰੱਖੀ ਗਈ ਭੁੱਖ ਹੜਤਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਐਕਸ਼ਨ 1 ਅਕਤੂਬਰ 2025 ਨੂੰ ਹੋਵੇਗਾ।

ਇਹ ਜਾਣਕਾਰੀ ਸੂਬਾ ਕਨਵੀਨਰ ਜਸਬੀਰ ਸਿੰਘ ਤਲਵਾੜਾ ਅਤੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਸਾਂਝਾ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਕਿਹਾ ਕਿ ਇਸ ਵੇਲੇ ਸਮੁੱਚਾ ਪੰਜਾਬ ਹੜ੍ਹਾਂ ਕਾਰਨ ਭਾਰੀ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਕਈ ਇਲਾਕੇ ਪਾਣੀ ਹੇਠ ਹਨ, ਘਰ-ਮਕਾਨ ਡਿੱਗ ਰਹੇ ਹਨ, ਫ਼ਸਲਾਂ ਬਰਬਾਦ ਹੋ ਗਈਆਂ ਹਨ ਅਤੇ ਲੋਕ ਬਹੁਤ ਮੁਸ਼ਕਲ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ।
ਨੇਤਾਵਾਂ ਨੇ ਕਿਹਾ ਕਿ ਅਜਿਹੀ ਘੜੀ ਵਿੱਚ ਅਧਿਆਪਕਾਂ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਖੜ੍ਹ ਕੇ ਉਹਨਾਂ ਦੀ ਮਦਦ ਕਰਨ। ਇਸ ਲਈ ਸੰਘਰਸ਼ ਕਮੇਟੀ ਨੇ 5 ਸਤੰਬਰ ਦੀ ਭੁੱਖ ਹੜਤਾਲ ਨੂੰ ਟਾਲਣ ਦਾ ਫ਼ੈਸਲਾ ਕੀਤਾ ਹੈ। ਹੁਣ ਅਗਲਾ ਵੱਡਾ ਐਕਸ਼ਨ 1 ਅਕਤੂਬਰ ਨੂੰ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਮਸਲਾ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਜੀਵਨ-ਮਰਨ ਦਾ ਪ੍ਰਸ਼ਨ ਬਣ ਚੁੱਕਾ ਹੈ ਅਤੇ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ 1 ਅਕਤੂਬਰ ਨੂੰ ਕੀਤੀ ਜਾਣ ਵਾਲੀ ਕਾਰਵਾਈ ਹੋਰ ਵੱਧ ਜ਼ੋਰਦਾਰ ਅਤੇ ਰਾਜਵਿਆਪੀ ਪੱਧਰ ’ਤੇ ਹੋਵੇਗੀ।
ਸੰਘਰਸ਼ ਕਮੇਟੀ ਨੇ ਸਾਰੇ ਅਧਿਆਪਕ ਸਾਥੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੱਡੇ ਐਕਸ਼ਨ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ। ਇਸ ਨਾਲ ਨਾ ਸਿਰਫ਼ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਹੋਰ ਮਜ਼ਬੂਤੀ ਨਾਲ ਉੱਠੇਗਾ, ਸਗੋਂ ਸਾਡੀ ਇਕਜੁੱਟਤਾ ਵੀ ਸਰਕਾਰ ਸਾਹਮਣੇ ਸਾਬਤ ਹੋਵੇਗੀ।











