ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 01 ਸਤੰਬਰ
ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭਾਰਤੀ ਫ਼ੌਜ ਵੱਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਫ਼ੌਜ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਫ਼ੌਜੀ ਅਧਿਕਾਰੀਆਂ ਮੁਤਾਬਕ, ਇਹ ਕੈਂਪ ਖ਼ਾਸ ਤੌਰ ’ਤੇ ਹੜ੍ਹ ਨਾਲ ਜੁੜੀਆਂ ਬਿਮਾਰੀਆਂ ਨੂੰ ਰੋਕਣ ਅਤੇ ਪੀੜਤਾਂ ਨੂੰ ਤੁਰੰਤ ਚਿਕਿਤਸਾ ਸਹਾਇਤਾ ਦੇਣ ਲਈ ਆਯੋਜਿਤ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਖਾਣ-ਪੀਣ ਦੀਆਂ ਵਸਤਾਂ, ਸਾਫ਼ ਪੀਣ ਵਾਲਾ ਪਾਣੀ ਅਤੇ ਹੋਰ ਰਾਹਤ ਸਮਗਰੀ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਹੜ੍ਹ ਦੌਰਾਨ ਭਾਰਤੀ ਫ਼ੌਜ ਦੀਆਂ ਚਾਰ ਟੀਮਾਂ ਬੜੀ ਬਹਾਦਰੀ ਨਾਲ ਬਚਾਅ ਤੇ ਰਾਹਤ ਕਾਰਜ ਕਰ ਰਹੀਆਂ ਹਨ, ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਜਾਂ ਵਿੱਚ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਫ਼ੌਜ ਦੇ ਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹਿਯੋਗ ਲੋਕਾਂ ਲਈ ਸੰਕਟ ਦੀ ਘੜੀ ਵਿੱਚ ਬਹੁਤ ਕੀਮਤੀ ਹੈ।

ਫ਼ੌਜੀ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਪ੍ਰਭਾਵਿਤ ਲੋਕਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਰਹਿਣਗੇ। ਸਥਾਨਕ ਵਸਨੀਕਾਂ ਨੇ ਵੀ ਫ਼ੌਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਵੇਲੇ ਉਨ੍ਹਾਂ ਦੀ ਮਦਦ ਬਹੁਤ ਸਹਾਈ ਸਾਬਤ ਹੋ ਰਹੀ ਹੈ।










