ਕਥਲੌਰ ਪੁਲ ’ਤੇ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 31 ਅਗਸਤ
ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਅੱਜ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ, ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਸਮੇਤ ਹੋਰ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ।

ਮੁੱਖ ਸਕੱਤਰ ਨੇ ਸਭ ਤੋਂ ਪਹਿਲਾਂ ਬਲਾਕ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਖ਼ਾਸ ਤੌਰ ’ਤੇ ਕਥਲੌਰ ਪੁਲ ਅਤੇ ਕੋਹਲੀਆਂ ਪਿੰਡ ਵਿਖੇ ਰਾਵੀ ਦਰਿਆ ਦੇ ਕਿਨਾਰੇ ਜਾ ਕੇ ਹਾਲਾਤਾਂ ਦੀ ਜਾਣਕਾਰੀ ਲਈ। ਇਸ ਖੇਤਰ ਵਿੱਚ ਦਰਿਆ ਦੇ ਉਫ਼ਾਨ ਨਾਲ ਸੈਂਕੜੇ ਦਰਖ਼ਤ ਜੜ੍ਹਾਂ ਸਮੇਤ ਉਖੜ ਕੇ ਡਿੱਗ ਚੁੱਕੇ ਸਨ, ਜਦਕਿ ਕਈ ਥਾਵਾਂ ’ਤੇ ਖੇਤੀਬਾੜੀ ਦੀ ਜ਼ਮੀਨ ਪਾਣੀ ਹੇਠ ਆ ਗਈ।
ਦੌਰੇ ਦੌਰਾਨ ਮੁੱਖ ਸਕੱਤਰ ਨੇ ਦੇਖਿਆ ਕਿ ਰਾਵੀ ਦਰਿਆ ਨੇ ਆਪਣਾ ਰੁਖ ਬਦਲ ਕੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ, ਜਿਸ ਕਾਰਨ ਪਾਣੀ ਨੇ ਪਿੰਡਾਂ ਵਿੱਚ ਦਾਖਲ ਹੋ ਕੇ ਵੱਡੇ ਪੱਧਰ ’ਤੇ ਤਬਾਹੀ ਮਚਾਈ। ਬੰਨ੍ਹ ਦੇ ਟੁੱਟਣ ਕਾਰਨ ਇਲਾਕੇ ਦੇ ਕਈ ਘਰਾਂ, ਖੇਤਾਂ ਅਤੇ ਰਸਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਏਪੀ ਸਿਨਹਾ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮੁਰੰਮਤ ਦੇ ਕੰਮ ਨੂੰ ਜੰਗੀ ਪੱਧਰ ’ਤੇ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਪਠਾਨਕੋਟ ਜ਼ਿਲ੍ਹੇ ਦੇ ਕਈ ਪਿੰਡ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਹਨ, ਪਰ ਹੁਣ ਦਰਿਆ ਦਾ ਪਾਣੀ ਘਟਣਾ ਸ਼ੁਰੂ ਹੋਇਆ ਹੈ ਜਿਸ ਨਾਲ ਹੜ੍ਹ ਪੀੜਤ ਖੇਤਰਾਂ ਵਿੱਚ ਵੀ ਰਾਹਤ ਮਿਲ ਰਹੀ ਹੈ।

ਮੁੱਖ ਸਕੱਤਰ ਨੇ ਸਥਾਨਕ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਨਾਲ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਤਿਆਰ ਕਰਕੇ ਰਾਜ ਸਰਕਾਰ ਨੂੰ ਭੇਜਣ ਦੇ ਹੁਕਮ ਵੀ ਦਿੱਤੇ। ਇਹ ਦੌਰਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਰਕਾਰ ਦੀ ਗੰਭੀਰਤਾ ਅਤੇ ਹਾਲਾਤਾਂ ’ਤੇ ਨਜ਼ਰ ਬਣਾਈ ਰੱਖਣ ਦੀ ਵਚਨਬੱਧਤਾ ਦਰਸਾਉਂਦਾ ਹੈ।










