ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ 5 ਸਤੰਬਰ ਨੂੰ ਪੰਜਾਬ ਭਰ ਵਿੱਚ ਪ੍ਰਦਰਸ਼ਨ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਸਤੰਬਰ
ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਲਗਾਤਾਰ ਜ਼ੋਰਾਂ ’ਤੇ ਹੈ। ਸਾਲ 2004 ਤੋਂ ਬਾਅਦ ਜਿਨ੍ਹਾਂ ਕਰਮਚਾਰੀਆਂ ਦੀ ਭਰਤੀ ਹੋਈ ਹੈ, ਉਨ੍ਹਾਂ ਉੱਤੇ ਕੇਂਦਰ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਲਾਗੂ ਕੀਤੀ ਗਈ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਸਕੀਮ ਕਾਰਨ ਉਹਨਾਂ ਦੇ ਬੁੱਢਾਪੇ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਗਈ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਆਰਥਿਕ ਸੁਰੱਖਿਆ ਨਹੀਂ ਮਿਲੇਗੀ।

ਇਸ ਗੰਭੀਰ ਮੁੱਦੇ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ (ਓ.ਪੀ.ਆਰ.ਸੀ.) ਦੇ ਸੱਦੇ ’ਤੇ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਅਧਿਆਪਕ ਦਿਵਸ (5 ਸਤੰਬਰ) ਮੌਕੇ ਉਹ ਭੁੱਖ ਹੜਤਾਲ ਕਰਕੇ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨਗੇ।
ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਪੁਰੋਵਾਲ ਨੇ ਕਿਹਾ ਕਿ ਅਧਿਆਪਕ ਦਿਵਸ ਜੋ ਕਿ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦੇਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ ਮਨਾਇਆ ਜਾਂਦਾ ਹੈ, ਉਸ ਦਿਨ ਅਸੀਂ ਭੁੱਖ ਹੜਤਾਲ ਕਰਕੇ ਆਪਣੀ ਪੀੜ੍ਹ ਦਰਸਾਵਾਂਗੇ। ਸਰਕਾਰ ਨੂੰ ਇਹ ਸਮਝਣਾ ਪਵੇਗਾ ਕਿ ਅਧਿਆਪਕ ਅਤੇ ਸਰਕਾਰੀ ਮੁਲਾਜ਼ਮ ਹੀ ਰਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਹਨਾਂ ਦੀ ਬੁੱਢਾਪੇ ਦੀ ਸੁਰੱਖਿਆ ਲਾਜ਼ਮੀ ਹੈ।

ਸ਼੍ਰੀ ਪੂਰੇਵਾਲ ਨੇ ਦੱਸਿਆ ਕਿ ਉਸ ਦਿਨ ਭੁੱਖ ਹੜਤਾਲ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭੁੱਖ ਹੜਤਾਲ ਲਈ ਜ਼ਿਲ੍ਹਾ ਗੁਰਦਾਸਪੁਰ ਤੋਂ 20 ਅਧਿਆਪਕਾਂ ਨੇ ਆਪਣਾ ਨਾਮ ਦਰਜ਼ ਕਰਵਾਇਆ ਹੈ। ਇਨ੍ਹਾਂ ਵਿੱਚ ਕੁਲਦੀਪ ਪੁਰੋਵਾਲ, ਅਨਿਲ ਕੁਮਾਰ, ਦਿਲਦਾਰ ਭੰਡਾਲ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਸੁੱਖਵਿੰਦਰ ਬਟਾਲਾ, ਸਿਮਰਨਜੀਤ ਸਿੰਘ, ਸਤਿੰਦਰਜੀਤ ਤਰੀਜਾ ਨਗਰ, ਕੁਲਬੀਰ ਸਿੰਘ, ਮੁਕੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਚੇਤਨ ਮਹਾਜਨ, ਲਖਵਿੰਦਰ ਸਿੰਘ, ਮਨਜਿੰਦਰ ਸਿੰਘ, ਪਰਸ਼ੋਤਮ ਕੁਮਾਰ, ਬਲਦੇਵ ਰਾਜ, ਕਪਿਲ ਸ਼ਰਮਾ, ਕੰਵਲਜੀਤ ਸਿੰਘ ਬਾਗੋਵਾਣੀ, ਦੀਪਕ ਅਤੇ ਅਮਿਤੇਸ਼ਵਰ ਸ਼ਾਮਲ ਹਨ।

ਇਸ ਮੌਕੇ ਦਿਲਦਾਰ ਭੰਡਾਲ, ਅਨਿਲ ਲਹੌਰੀਆ, ਚੇਤਨ ਮਹਾਜਨ, ਸੁੱਖਵਿੰਦਰ ਸਿੰਘ ਰੰਧਾਵਾ, ਪ੍ਰਸ਼ੋਤਮ ਕੁਮਾਰ ਨੇ ਕਿਹਾ ਕਿ ਇਹ ਲੜਾਈ ਕੇਵਲ ਅਧਿਆਪਕਾਂ ਦੀ ਨਹੀਂ ਬਲਕਿ ਹਰ ਕਰਮਚਾਰੀ ਦੀ ਹੈ। ਕਮੇਟੀ ਆਗੂਆਂ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਨਾਮ ਭੁੱਖ ਹੜਤਾਲ ਸੂਚੀ ਵਿੱਚ ਦਰਜ਼ ਕਰਵਾ ਕੇ ਇਸ ਇਤਿਹਾਸਕ ਸੰਘਰਸ਼ ਦਾ ਹਿੱਸਾ ਬਣੋ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪੁਰਾਣੀ ਪੈਨਸ਼ਨ ਦੀ ਸੁਰੱਖਿਆ ਮਿਲ ਸਕੇ।











