Share & like

100 ਫੁੱਟ ਦੀ ਦਰਾਰ ਭਰੀ, ਹੁਣ 500 ਫੁੱਟ ਦੀ ਦਰਾੜ ਪੂਰੀ ਕਰਨ ਦਾ ਕੰਮ ਜਾਰੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਦੀਨਾਨਗਰ (ਗੁਰਦਾਸਪੁਰ), 31 ਅਗਸਤ
ਰਾਵੀ ਦਰਿਆ ਵਿੱਚ ਵਧੇ ਪਾਣੀ ਕਾਰਨ ਗਾਹਲੜੀ ਨੇੜੇ ਧੁੱਸੀਆਂ ਦੇ ਬੰਨ੍ਹਾਂ ਦੇ ਟੁੱਟਣ ਨਾਲ ਪਿੰਡਾਂ ਵਿੱਚ ਖ਼ਤਰਾ ਵਧ ਗਿਆ ਸੀ। ਇਸ ਸੰਕਟਮਈ ਹਾਲਾਤ ਵਿੱਚ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਖ਼ਰਚੇ ‘ਤੇ ਦਰਾੜਾਂ ਨੂੰ ਭਰਨ ਦਾ ਬੀੜਾ ਚੁੱਕਿਆ ਹੈ।

ਗੌਰਤਲਬ ਹੈ ਕਿ ਲਗਾਤਾਰ ਵਰਖਾ ਨਾਲ ਧੁੱਸੀਆਂ ਕਈ ਥਾਵਾਂ ਤੋਂ ਟੁੱਟ ਗਈਆਂ। ਖ਼ਾਸ ਕਰਕੇ ਗਾਹਲੜੀ ਨੇੜੇ ਨੋਮਨੀ ਨਾਲੇ ਉੱਤੇ ਬਣੀ ਧੁੱਸੀ ਦੋ ਥਾਵਾਂ ਤੋਂ ਟੁੱਟ ਗਈ, ਜਿਸ ਨਾਲ ਇੱਕ ਥਾਂ 100 ਫੁੱਟ ਅਤੇ ਦੂਜੇ ਪਾਸੇ 500 ਫੁੱਟ ਲੰਮੀ ਦਰਾਰ ਪੈ ਗਈ। ਇਨ੍ਹਾਂ ਰਾਹੀਂ ਪਾਣੀ ਤੇਜ਼ੀ ਨਾਲ ਗਾਹਲੜੀ, ਮਗਰਮੁੱਦੀਆਂ ਅਤੇ ਹੋਰ ਪਿੰਡਾਂ ਵਿੱਚ ਵਗਣ ਲੱਗਾ। ਵਿਧਾਇਕ ਬਰਿੰਦਰਮੀਤ ਪਾਹੜਾ, ਆਪਣੇ ਭਰਾ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਸਾਰੇ ਪਰਿਵਾਰ ਸਮੇਤ ਲੋਕਾਂ ਦੀ ਸਹਾਇਤਾ ਵਿੱਚ ਜੁਟੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ 100 ਫੁੱਟ ਦੀ ਦਰਾਰ ਨੂੰ ਭਰਣ ਦਾ ਕੰਮ ਸ਼ੁਰੂ ਕੀਤਾ, ਜੋ ਸ਼ਨੀਵਾਰ ਰਾਤ ਵਰਕਰਾਂ ਦੀ ਮਦਦ ਨਾਲ ਪੂਰਾ ਕਰ ਦਿੱਤਾ ਗਿਆ। ਇਸ ਵੇਲੇ 500 ਫੁੱਟ ਦੀ ਦਰਾਰ ਨੂੰ ਭਰਨ ਦਾ ਕੰਮ ਜਾਰੀ ਹੈ।

ਵਿਧਾਇਕ ਪਾਹੜਾ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਇਹ ਕੰਮ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸੀ, ਪਰ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਅਸੀਂ ਖੁਦ ਬੀੜਾ ਚੁੱਕਿਆ ਹੈ। ਮਿੱਟੀ ਆਪਣੇ ਖੇਤਾਂ ਤੋਂ ਖੁਦਵਾ ਰਹੇ ਹਾਂ ਅਤੇ ਟਰਾਲੀਆਂ ਤੇ ਜੇਸੀਬੀ ਦਾ ਪ੍ਰਬੰਧ ਵੀ ਆਪਣੇ ਖ਼ਰਚੇ ‘ਤੇ ਕਰ ਰਹੇ ਹਾਂ। ਵਰਖਾ ਕਾਰਨ ਕੰਮ ਵਿੱਚ ਦੇਰੀ ਹੋ ਰਹੀ ਹੈ, ਪਰ ਸਾਡੇ ਹੌਸਲੇ ਬੁਲੰਦ ਹਨ।
ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਕਿ ਸਰਕਾਰ ਦੇ ਵਿਰੁੱਧ ਲੋਕਾਂ ਵਿੱਚ ਕਾਫ਼ੀ ਰੋਸ ਹੈ, ਪਰ ਇਸ ਸਮੇਂ ਰਾਜਨੀਤੀ ਕਰਨ ਦੀ ਥਾਂ ਲੋਕਾਂ ਦੀ ਸਹਾਇਤਾ ਸਭ ਤੋਂ ਪਹਿਲਾਂ ਹੈ। ਲੋਕਾਂ ਦੇ ਪ੍ਰਤਿਨਿਧੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨਾਲ ਖੜ੍ਹੇ ਰਹੀਏ।


Share & like

Leave a Reply