ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਸ਼ਮਸ਼ੇਰ ਸਿੰਘ ਨੇ ਹੈਲੀਕਾਪਟਰ ਰਾਹੀਂ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਈ ਰਾਹਤ ਸਮੱਗਰੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਨਵਤਾ ਪੱਖੀ ਪਹੁੰਚ ਅਪਣਾਉਂਦੇ ਹੋਏ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਪਰਿਵਾਰਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਦੀ ਸਹਾਇਤ ਲਈ ਤਾਇਨਾਤ ਕੀਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅੱਜ ਦੂਜੇ ਦਿਨ ਵੀ ਲਗਾਤਾਰ ਰਾਹਤ ਕਾਰਜ਼ ਜਾਰੀ ਰੱਖੇ ਗਏ।
ਪੰਜਾਬ ਸਰਕਾਰ ਦੇ ਹੈਲੀਕਾਪਟਰ ਵੱਲੋਂ ਲੰਘੇ ਕੱਲ ਦੀਨਾਨਗਰ ਤਹਿਸੀਲ ਦੇ ਮਕੌੜਾ ਪੱਤਣ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦਾ ਕੰਮ ਕੀਤਾ ਸੀ ਓਥੇ ਹੀ ਅੱਜ ਦੂਜੇ ਦਿਨ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਦੀਨਾਨਗਰ ਤਹਿਸੀਲਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ।

ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਖੁਦ ਰਾਜ ਸਰਕਾਰ ਦੇ ਹੈਲੀਕਾਪਟਰ ਰਾਹੀਂ ਡੇਰਾ ਬਾਬਾ ਨਾਨਕ ਹਲਕੇ ਦੇ ਹੜ੍ਹ ਦੇ ਪਾਣੀ ਵਿੱਚ ਘਿਰੇ ਪਿੰਡ ਹਰੂਵਾਲ, ਪੱਖੋਕੇ, ਸਾਧਾਂਵਾਲੀ, ਮਾਨ, ਮਛਰਾਲਾ, ਕਾਲ਼ਾਂਵਾਲੀ, ਸਮਰਾਏ, ਖਲੀਲਪੁਰ, ਖੁਸ਼ਹਾਲਪੁਰ, ਜੌੜੀਆਂ ਕਲਾਂ, ਜੌੜੀਆਂ ਖੁਰਦ, ਮੋਹਲ ਨੰਗਲ, ਕੋਠਾ, ਅਬਦਾਲ, ਰੱਤਾ, ਵੈਰੋਕੇ, ਠੇਠਰਕੇ, ਖੋਦੇ ਬੇਟ, ਮੰਗੀਆਂ, ਧਰਮਕੋਟ ਰੰਧਾਵਾ, ਮਾਨਸੁਰ, ਤਲਵੰਡੀ ਹਿੰਦੂਆਂ, ਸਹਿਜ਼ਾਦਾ, ਘਣੀਏ-ਕੇ-ਬੇਟ, ਧਰਮਕੋਟ ਪੱਤਣ, ਗੁਰਚੱਕ, ਡਾਲਾ, ਗੋਲਾ-ਢੋਲਾ, ਰੱਤੜ-ਛੱਤੜ, ਪੰਨਵਾਂ, ਧਰਮਾਬਾਦ, ਸਿੰਘਪੁਰਾ, ਬਹਿਲੋਪੁਰ, ਘੁੰਮਣ, ਚਾਕਾਂਵਾਲੀ, ਤਲਵੰਡੀ ਗੁਰਾਇਆ, ਚੌੜਾ ਅਤੇ ਖੁਸ਼ਹਾਲਪੁਰ ਦੇ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾਈ।

ਇਸੇ ਤਰ੍ਹਾਂ ਆਪ ਦੇ ਦੀਨਾਨਗਰ ਤੋਂ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹੜ੍ਹ ਵਿੱਚ ਘਿਰੇ ਪਿੰਡ ਮਕੌੜਾ, ਨਵੀਂ ਅਬਾਦੀ ਚੰਡੀਗੜ੍ਹ, ਮਰਾੜਾ, ਝਬਕਰਾ, ਚਿੱਠੀ, ਜੋਗਰ, ਸ਼ਮਸ਼ੇਰਪੁਰ, ਕਾਹਨਾ, ਜੈਨਪੁਰ, ਬਾਹਮਣੀ, ਦਬੁਰਜੀ, ਸ਼ਾਹਪੁਰ ਅਫ਼ਗਾਨਾ, ਦੁਗਰੀ, ਆਦੀ, ਇਸਲਾਮਪੁਰ, ਮਲੂਕ ਚੱਕ, ਠੁੰਡੀ, ਬਾਊਪੁਰ ਅਫ਼ਗਾਨਾ, ਸੰਗੋਰ, ਚਕਰੀ, ਸਲਾਚ, ਠੱਠੀ, ਓਗਰਾ, ਜੱਗੋ ਚੱਕ ਟਾਂਡਾ, ਚੱਕ ਰਾਜਾ, ਗਾਹਲੜੀ, ਸੰਦਲਪੁਰ, ਠਾਕੁਰਪੁਰ, ਜੀਵਨਪੁਰ ਅਤੇ ਕਜਲੇ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਕੀਤਾ।

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਉਹ ਹੜ੍ਹਾਂ ਵਿੱਚ ਫਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਸਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਪਿੰਡ ਰਾਵੀ ਤੋਂ ਵੀ ਪਾਰ ਹਨ ਜਿਨ੍ਹਾਂ ਦਾ ਸੰਪਰਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਅਤੇ ਓਥੇ ਤੱਕ ਕੇਵਲ ਹੈਲੀਕਾਪਟਰ ਰਾਹੀਂ ਹੀ ਪਹੁੰਚ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਕਈ ਘਰ ਖੇਤਾਂ ਵਿੱਚ ਵੀ ਹਨ ਜੋ ਕਿ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਅਜਿਹੇ ਲੋਕਾਂ ਤੱਕ ਰਾਹਤ ਪਹੁੰਚਾਉਣ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਅਹਿਮ ਸਾਬਤ ਹੋਇਆ ਹੈ। ਉਨ੍ਹਾਂ ਇਨਸਾਨੀਅਤ ਪੱਖੀ ਇਸ ਫੈਸਲੇ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।










