Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਅਗਸਤ
ਗੁਰਦਾਸਪੁਰ-ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ ਦੀ ਅਗਵਾਈ ਹੇਠ ਹੋਈ।

ਮੀਟਿੰਗ ਦੌਰਾਨ ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਸੂਬਾ ਆਗੂ ਜੋਗਿੰਦਰ ਪਾਲ ਪਨਿਆੜ ਅਤੇ ਜ਼ਿਲ੍ਹਾ ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਨੇ ਹੜਾਂ ਦੌਰਾਨ ਉਸਾਰੀ ਨਾਲ ਸਬੰਧਿਤ ਰਜਿਸਟਰਡ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ ਕਮਾ ਕੇ ਖਾਣ ਵਾਲੇ ਇਹ ਰਜਿਸਟਰਡ ਉਸਾਰੀ ਕਾਮੇ ਭੁੱਖਾਂ ਅਤੇ ਫਾਕੇ ਕੱਟਣ ਲਈ ਮਜਬੂਰ ਹਨ। ਹੜ੍ਹਾਂ ਨਾਲ ਉਸਾਰੀ ਦਾ ਕੰਮ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਰੇਤ, ਬੱਜਰੀ ਅਤੇ ਸੀਮਿੰਟ ਦੀ ਸਪਲਾਈ ਲਗ-ਭਗ ਬੰਦ ਹੋ ਗਈ ਹੈ। ਇਨ੍ਹਾਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ ਅਤੇ ਇਹਨਾਂ ਦੇ ਘਰਾਂ ਦੀ ਹਾਲਤ ਵੀ ਬਹੁਤ ਖਸਤਾ ਹੈ। ਕਈਆਂ ਦੇ ਘਰ ਵੀ ਨੁਕਸਾਨੇ ਗਏ ਹਨ।

ਆਗੂਆਂ ਪੰਜਾਬ ਸਰਕਾਰ ਤੋਂ ਇਹਨਾਂ ਮਜ਼ਦੂਰਾਂ ਲਈ ਯੋਗ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਹੈ ਤਾਂ ਜੋ ਕੁਝ ਸਮੇਂ ਲਈ ਇਹ ਆਪਣਾ ਡੰਗ ਟਪਾ ਸਕਣ। ਆਗੂਆਂ ਨੇ ਕਰੋਨਾ ਕਾਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਔਖ਼ੇ ਸਮੇਂ ਵੀ ਰਜਿਸਟਰਡ ਉਸਾਰੀ ਮਿਸਤਰੀ ਮਜ਼ਦੂਰਾਂ ਦਾ ਡੰਗ ਟਪਾਉਣ ਲਈ ਪੰਜਾਬ ਸਰਕਾਰ ਵੱਲੋਂ ਉਸਾਰੀ ਭਲਾਈ ਬੋਰਡ ਵਿਚੋਂ ਬਣਦਾ ਮੁਆਵਜਾ ਦਿੱਤਾ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਹੱਲਾ, ਸੁਰਿੰਦਰ ਪਾਲ, ਦਰਬਾਰਾ ਸਿੰਘ, ਸਰੂਪ ਸਿੰਘ ਆਦਿ ਹਾਜ਼ਰ ਸਨ।


Share & like

Leave a Reply