Share & like

ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਰਚ ਰਹੇ ਸਨ ਸਾਜ਼ਿਸ:ਡੀਜੀਪੀ ਗੌਰਵ ਯਾਦਵ

ਰੋਜ਼ਾਨਾ ਖ਼ਬਰ
ਚੰਡੀਗੜ੍ਹ/ਫਿਰੋਜ਼ਪੁਰ, 14 ਅਗਸਤ
ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਪੁਲੀਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਘਟਨਾ ਨੂੰ ਟਾਲ ਦਿੱਤਾ ਹੈ। ਉਨ੍ਹਾਂ ਦੇ ਕਬਜ਼ੇ ਚੋਂ ਪੁਲੀਸ ਨੇ ਦੋ ਗ੍ਰਨੇਡ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ।

ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲੀਸ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਭੁੱਲਰ ਵਾਸੀ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਾਸੀ ਗੁਲਸ਼ਨ ਸਿੰਘ ਉਰਫ਼ ਨੰਦੂ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ 86ਪੀ ਹੈਂਡ ਗ੍ਰਨੇਡ, ਇੱਕ 9ਐਮਐਮ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਦੀ ਇਹ ਵੱਡੀ ਸਫਲਤਾ ਹੈ ਕਿ ਉਸਨੇ ਆਜ਼ਾਦੀ ਦਿਹਾੜੇ ਇੱਕ ਦਿਨ ਪਹਿਲਾਂ ਪਰਦਾਫਾਸ਼ ਕੀਤਾ ਹੈ।

ਗੌਰਤਲਬ ਹੈ ਕਿ ਇਸ ਤੋਂ ਦੋ ਦਿਨ ਪਹਿਲਾਂ ਪੰਜਾਬ ਪੁਲੀਸ ਨੇ ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਤਿੰਨ ਨਾਬਾਲਗਾਂ ਸਮੇਤ ਪੰਜ ਕਾਰਕੁਨਾਂ ਨੂੰ ਇੱਕ 86 ਪੀ ਹੈਂਡ-ਗ੍ਰੇਨੇਡ ਅਤੇ ਇੱਕ 30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯੂਕੇ, ਅਮਰੀਕਾ ਅਤੇ ਯੂਰਪ ਵਿੱਚ ਬੈਠੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਕਾਰੀ ਇਮਾਰਤਾਂ ਅਤੇ ਪੁਲੀਸ ਅਦਾਰਿਆਂ ਨੂੰ ਗ੍ਰੇਨੇਡਾਂ ਨਾਲ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਾਇਆ ਜਾ ਰਿਹਾ ਹੈ।

ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇੱਕ ਖੁਫ਼ੀਆ ਆਪਰੇਸ਼ਨ ਚਲਾਇਆ ਗਿਆ ਸੀ ਅਤੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਤੋਂ ਸ਼ੱਕੀ ਵਿਅਕਤੀਆਂ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਗੁਲਸ਼ਨ ਸਿੰਘ ਉਰਫ਼ ਨੰਦੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਮੁਲਜ਼ਮਾਂ ਦਾ ਰਿਮਾਂਡ ਲੈਣ ਕੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਦੇਸ਼ ਦੇ ਅੰਦਰ ਅਤੇ ਬਾਹਰ ਦੇ ਸੰਪਰਕਾਂ ਅਤੇ ਉਨ੍ਹਾਂ ਵੱਲੋਂ ਮਿੱਥੇ ਟੀਚਿਆਂ ਬਾਰੇ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਇਸ ਸਬੰਧ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, ਅਤੇ 5 ਤਹਿਤ ਪੁਲੀਸ ਥਾਣਾ ਫਾਜ਼ਿਲਕਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ।


Share & like

Leave a Reply