ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਅਗਸਤ
ਦਸ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸਾਂਝੇ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਤੇ 25 ਫੀਸਦੀ ਟੈਰਿਫ ਲਗਾਉਣ, ਭਾਰਤ ਦੇ ਰੂਸ ਨਾਲ ਤੇਲ ਵਪਾਰ ਸੌਦੇ ਖ਼ਿਲਾਫ਼ ਦੰਡਕਾਰੀ ਟੈਕਸ ਲਗਾਉਣ ਦੀਆਂ ਧਮਕੀਆਂ ਵਿਰੁੱਧ ਅਤੇ ਭਾਰਤ-ਯੂ ਕੇ ਵਿਆਪਕ ਆਰਥਿਕ ਵਪਾਰ ਸਮਝੌਤੇ ਨੂੰ ਰੱਦ ਕਰਾਉਣ ਲਈ 13 ਅਗਸਤ ਦੇਸ਼ ਵਿਆਪੀ ਵਿਰੋਧ ਦਿਵਸ ਦਾ ਸੱਦਾ ਦਿੱਤਾ ਗਿਆ ਹੈ। ਗੁਰਦਾਸਪੁਰ ਵਿਖੇ 13 ਅਗਸਤ ਨੂੰ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰੂ ਨਾਨਕ ਪਾਰਕ ਇਕੱਠੇ ਹੋਣ ਉਪਰੰਤ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਜਾਵੇਗਾ।
ਸ਼ਹੀਦ ਬਲਜੀਤ ਸਿੰਘ ਫਜਲਾਬਾਦ ਯਾਦਗਾਰ ਟਰਸਟ ਭਵਨ ਰੁਲੀਆ ਰਾਮ ਕਲੋਨੀ ਜੇਲ ਰੋਡ ਗੁਰਦਾਸਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਮੁੱਖ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਜਿਥੇ ਉਪਰੋਕਤ ਦੇਸ਼ ਵਿਆਪੀ ਵਿਰੋਧ ਦਿਵਸ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਉੱਥੇ ਭਾਰਤ ਦੀ ਮੋਦੀ ਸਰਕਾਰ ਦਾ ਇਨ੍ਹਾਂ ਦੇਸ਼ ਵਿਰੋਧੀ ਖਤਰਿਆਂ ਪ੍ਰਤੀ ਡਰਪੋਕ ਜਿਹੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਐਮ ਐਸ ਪੀ ਗਰੰਟੀ ਕਾਨੂੰਨ ਲਾਗੂ ਕਰਨ, ਚਾਰ ਲੇਬਰ ਕੋਡ ਰੱਦ ਕਰਨ, ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪਾਲਸੀ ਰੱਦ ਕਰਨ, ਮਨਰੇਗਾ ਤਹਿਤ ਸਾਰਾ ਸਾਲ ਕੰਮ ਦੇਣ ਤੇ ਦਿਹਾੜੀਦਾਰ 700/- ਰੁਪਏ ਨਿਸਚਿਤ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸਾਂਝੇ ਤੌਰ ਤੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਅੱਜ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ, ਅਜੀਤ ਸਿੰਘ ਹੁੰਦਲ ,ਰਘਬੀਰ ਸਿੰਘ ਚਾਹਲ, ਰਜਿੰਦਰ ਘਰਾਲਾ,ਬਲਪ੍ਰੀਤ ਸਿੰਘ ਘਰਾਲਾ, ਕੁਲਵੰਤ ਸਿੰਘ ਬਾਠ, ਗੁਰਦੀਪ ਸਿੰਘ ਮੁਸਤਫਾਬਾਦ, ਰਣਜੀਤ ਸਿੰਘ ਰਾਣਾ, ਹਰਚਰਨ ਸਿੰਘ ਔਜਲਾ, ਗੁਰਮੀਤ ਸਿੰਘ ਥਾਣੇਵਾਲ ਅਤੇ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵਿੱਚ ਸ਼ਾਮਲ ਏਟਕ, ਸੀਟੂ, ਸੀ ਟੀ ਯੂ ਪੰਜਾਬ ਤੇ ਏਕਟੂ ਦੇ ਬਲਵਿੰਦਰ ਸਿੰਘ ਉਦੀਪੁਰ, ਧਿਆਨ ਸਿੰਘ ਠਾਕੁਰ, ਵਿਜੇ ਕੁਮਾਰ ਸੋਹਲ, ਰੂਪ ਸਿੰਘ ਪੱਡਾ, ਸ਼ਿਵ ਕੁਮਾਰ ਅਤੇ ਹੋਰ ਹਾਜ਼ਰ ਸਾਥੀਆਂ ਨੇ 13 ਅਗਸਤ ਦੇ ਦੇਸ਼ ਵਿਆਪੀ ਵਿਰੋਧ ਦਿਵਸ ਨੂੰ ਸਫਲ ਬਣਾਉਣ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।










