ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਅਗਸਤ
ਲੈਂਡ ਪੁਲਿੰਗ ਸਕੀਮ ਅਤੇ ਚਿੱਪ ਵਾਲੇ ਮੀਟਰ ਲਗਾਉਣ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀਅਤੇ ਜੋਨ ਪ੍ਰਧਾਨਾਂ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ 8 ਜੋਨਾਂ ਵਿੱਚ ਲੈਂਡ ਮੋਟਰਸਾਈਕਲ ਰੋਡ ਮਾਰਚ ਕੀਤਾ ਗਿਆ।
ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਰੈਲੀਆਂ ਕਰਕੇ ਆਗੂਆਂ ਸੁਖਜਿੰਦਰ ਸਿੰਘ ਗੋਤ, ਜਤਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਗੁਰਮੁਖ ਸਿੰਘ ਖਾਨਮਲੱਕ, ਕੁਲਜੀਤ ਸਿੰਘ ਹਯਾਤ ਨਗਰ, ਰਣਜੀਤ ਸਿੰਘ ਚੰਦਰਭਾਨ, ਕੈਪਟਨ ਸ਼ਮਿੰਦਰ ਸਿੰਘ,ਸਤਨਾਮ ਸਿੰਘ ਖਜਾਨਚੀ ਅਤੇ ਸੋਹਣ ਸਿੰਘ ਗਿੱਲ ਨੇ ਸੰਬੋਧਨ ਕੀਤਾ। ਆਗੂਆਂ ਦੱਸਿਆ ਕਿ ਪੰਜਾਬ ਵਿੱਚ ਧੱਕੇ ਨਾਲ ਬਣੇ ਸੁਪਰ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕਾਰਪੋਰੇਟ ਜਗਤ ਤੇ ਕੇਂਦਰ ਸਰਕਾਰ ਦੀਆਂ ਸਿਫਤਾਂ ਕਰਦਿਆਂ ਲੈਂਡ ਪੁਲਿੰਗ ਸਕੀਮ ਅਧੀਨ ਪੰਜਾਬ ਦੇ ਕਿਸਾਨਾਂ ਦੀ 65533 ਏਕੜ ਉਪਜਾਊ ਜ਼ਮੀਨ ਬੇਲੋੜੇ ਤੇ ਬੇਢੰਗੇ ਸ਼ਹਿਰੀ ਕਰਨ ਕਰਨ ਲਈ ਐਕਵਾਇਰ ਕੀਤੀ ਹੈ ਅਤੇ ਇੱਕ ਲੱਖ ਏਕੜ ਹੋਰ ਵੱਡੇ ਉਦਯੋਗ ਲਾਉਣ ਲਈ ਉਦਯੋਗਿਕ ਪਾਰਕ ਦੇ ਨਾਮ ਹੇਠ ਕਿਸਾਨਾਂ ਤੋਂ ਖੋਹਣ ਦੀ ਤਿਆਰੀ ਹੈ।
ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ , ਨੋਜਵਾਨਾ ਵੱਲੋਂ ਮਾਰਚ ਵਿੱਚ ਹਿੱਸਾ ਲੈਕੇ 1 ਇੰਚ ਵੀ ਜ਼ਮੀਨ ਨਾ ਦੇਣ ਦੇ ਐਲਾਨ ਕੀਤਾ ਹੈ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਇਸੇ ਮਸਲੇ ਨੂੰ ਲੈਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੁੱਕੜ ਦੀ ਜਾਣਾ ਮੰਡੀ ਵਿੱਚ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋਕੇ 1ਲੱਖ ਤੋਂ ਵੱਧ ਲੋਕ ਵਿਰੋਧੀ ਰਾਜ਼ ਪ੍ਰਬੰਧ ਤੇ ਕਾਰਪੋਰੇਟ ਜਗਤ ਦੀਆਂ ਜੜ੍ਹਾਂ ਵਿੱਚ ਤੇਲ ਦੇਣਗੇ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਪਿੰਡਾਂ ਵਿੱਚ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਲ ਹੋਕੇ ਤੋਂ ਵੱਧ ਕਿਸਾਨ, ਮਜ਼ਦੂਰ, ਨੋਜਵਾਨ, ਬੱਚੇ ਇਸ ਲੋਕ ਵਿਰੋਧੀ ਰਾਜ ਪ੍ਰਬੰਧ ਤੇ ਕਾਰਪੋਰੇਟ ਜਗਤ ਦੀਆਂ ਜੜ੍ਹਾਂ ਵਿੱਚ ਤੇਲ ਦੇਣਗੇ।

ਕਿਸਾਨ ਆਗੂਆਂ ਦੱਸਿਆ ਕਿ ਪਿੰਡਾਂ ਵਿੱਚ ਮੱਤੇ ਪਾਸ ਕਰਕੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਵੜਨ ਨਾ ਦੇਣ ਦੇ ਫੈਸਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪਿੰਡਾਂ ਵਿੱਚ ਬੋਰਡ ਲੱਗ ਰਹੇ ਹਨ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਲੜੇ ਜਾ ਰਹੇ ਸੰਘਰਸ਼ ਦੀ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਪੂਰੀ ਪੂਰੀ ਹਮਾਇਤ ਕੀਤੀ ਜਾਂਦੀ ਹੈ ਤੇ ਕਿਸੇ ਵੀ ਕੀਮਤ ਉਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ, ਕਿਸਾਨਾਂ,ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਸ਼ੰਭੂ, ਖਨੌਰੀ ਬਾਰਡਰਾਂ ਉਤੇ ਪੁਲਿਸ ਜ਼ਬਰ ਕਰਦਿਆਂ 3 ਕਰੋੜ 77 ਲੱਖ ਰੁਪਏ ਦੀਆਂ ਵਸਤਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਤਰੁੰਤ ਕੀਤੀ ਜਾਵੇ ਤੇ ਅਬਾਦਕਾਰ ਕਿਸਾਨਾਂ ਨੂੰ ਵਿਧਾਨਸਭਾ ਵਿੱਚ ਕਾਨੂੰਨ ਬਣਾਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਹੋਰਨਾਂ ਰਣਬੀਰ ਸਿੰਘ ਡੁਗਰੀ, ਸੁਖਜਿੰਦਰ ਸਿੰਘ ਬਾਜਵਾ, ਕਰਨੈਲ ਸਿੰਘ ਆਦੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਮੇੜੈ,ਸੁੱਚਾ ਸਿੰਘ ਬਲੱਗਣ, ਗੁਰਪ੍ਰੀਤ ਸਿੰਘ, ਵੱਸਣ ਸਿੰਘ ਪੀਰ ਬਾਗ਼, ਦਲਬੀਰ ਸਿੰਘ ਠੂਡੀ, ਮਹਿੰਦਰ ਸਿੰਘ ਥੰਮਣ, ਡਾਕਟਰ ਦਲਜੀਤ ਸਿੰਘ,ਆਦਿ ਆਗੂ ਹਾਜ਼ਰ ਸਨ।










