ਮਸਲਿਆਂ ਦੇ ਹੱਲ ਲਈ ਸੰਘਰਸ਼ ਦੀ ਰਣਨੀਤੀ ਐਲਾਨੀ
ਦਵਿੰਦਰਜੀਤ ਸਿੰਘ/ਬੈਂਸ/ਰੋਜ਼ਾਨਾ ਖ਼ਬਰ
ਦਿੜ੍ਹਬਾ, 10 ਅਗਸਤ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਅਤੇ 180 ਰੈਗੂਲਰ ਈਟੀਟੀ ਅਧਿਆਪਕ ਸੂਬਾ ਕਮੇਟੀ ਦੇ ਮੈਂਬਰ ਦਿੜ੍ਹਬਾ ਦੀ ਅਨਾਜ ਮੰਡੀ ਵਿਖੇ
ਇਕੱਠੇ ਹੋਏ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਦਫ਼ਤਰ ਵਿਖੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂਅ ਚਿਤਾਵਨੀ-ਪੱਤਰ ਸੌਂਪਿਆ।
ਇਸ ਤੋਂ ਪਹਿਲਾਂ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕਰਦਿਆਂ ਆਗੂਆਂ ਕਿਹਾ ਕਿ ਪਿਛਲੇ ਅੱਠ ਸਾਲ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ 180 ਈਟੀਟੀ ਅਧਿਆਪਕਾਂ ਨਾਲ ਧੱਕਾ ਹੋ ਰਿਹਾ ਹੈ। ਸੂਬਾ ਆਗੂ ਕਮਲ ਠਾਕੁਰ ਨੇ ਦੱਸਿਆ ਕਿ 180 ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਹੁਣ ਤੱਕ ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਮੂਹ ਸਬੰਧਤ ਅਧਿਕਾਰੀਆਂ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ ਹੈ ਅਤੇ ਲਾਰਿਆਂ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ।

ਫੋਟੋ ਕੈਪਸ਼ਨ: ਸਘਰਸ਼ ਦੀ ਰਣਨੀਤੀ ਦਾ ਐਲਾਨ ਕਰਦੇ ਹੋਏ। ਫੋਟੋ: ਰੋਜਾਨਾ ਖਬਰ
ਆਗੂਆਂ ਕਿਹਾ ਕਿ ਖੁਦ ਵਿੱਤ ਮੰਤਰੀ ਵੋਟਾਂ ਤੋਂ ਪਹਿਲਾਂ ਉਨ੍ਹਾਂ ਦੇ ਮਸਲੇ ਨੂੰ ਜਾਇਜ਼ ਠਹਿਰਾਉਂਦਿਆਂ ਸਰਕਾਰ ਆਉਣ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦੋਗਲੀ ਨੀਤੀ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ 180 ਅਧਿਆਪਕਾਂ ਵੱਲੋਂ ਜੀਟੀਯੂ ਦੇ ਸਹਿਯੋਗ ਨਾਲ ਸੰਘਰਸ਼ ਦਾ ਰਾਹ ਚੁਣਦੇ ਹੋਏ ਰਣਨੀਤੀ ਤੈਅ ਕੀਤੀ ਗਈ ਹੈ। ਜਿਸਦੇ ਤਹਿਤ 14 ਅਗਸਤ ਨੂੰ ਦਿੜ੍ਹਬਾ ਸ਼ਹਿਰ, 24 ਅਗਸਤ ਨੂੰ ਕੌਹਰੀਆਂ, ਦੀਵਾਨਗੜ੍ਹ ਕੈਪੁਰ, ਰੋਗਲਾ ਅਤੇ 31ਅਗਸਤ ਨੂੰ ਜਖੇਪਲ ਵਾਸ, ਧਾਲੀਵਾਲ ਵਾਸ, ਹੰਬਲਵਾਸ ਵਿਖੇ, 07 ਸਤੰਬਰ ਨੂੰ ਪਿੰਡ ਉਗਰਾਹਾਂ, ਮੌਜੋਵਾਲ, ਗੰਢੂਆਂ ਵਿਖੇ ਸਰਕਾਰ ਵਿਰੁੱਧ ਡੋਰ ਟੂ ਡੋਰ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਆਗੂਆਂ ਚਿਤਾਵਨੀ ਦਿੱਤੀ ਕਿ ਮਸਲੇ ਦਾ ਹੱਲ ਨਾ ਕੀਤੇ ਜਾਣ ਤੱਕ ਇਹ ਸਿਲਸਿਲਾ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ 180 ਈਟੀਟੀ ਅਧਿਆਪਕ ਆਪਣੇ ਪਰਿਵਾਰਾਂ ਅਤੇ ਜੀਟੀਯੂ ਸਮੇਤ ਸ਼ਮੂਲੀਅਤ ਕਰਕੇ ਹਲਕਾ ਦਿੜ੍ਹਬਾ ਦੇ ਪਿੰਡਾਂ ਵਿੱਚ ਹਰ ਗਲੀ-ਮੁਹੱਲੇ ਅਤੇ ਬਾਜ਼ਾਰਾਂ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਪ੍ਰਚਾਰ ਕਰਨਗੇ। 180 ਅਧਿਆਪਕਾਂ ਦੇ ਸਹਿਯੋਗ ਲਈ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਆਪਣੇ ਸਾਥੀਆਂ ਸਮੇਤ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ।

ਫੋਟੋ ਕੈਪਸ਼ਨ: ਆਮ ਆਦਮੀ ਪਾਰਟੀ ਦੇ ਦਿੜ੍ਹਬਾ ਦਫਤਰ ਵਿਖੇ ਚੇਤਾਵਨੀ ਪੱਤਰ ਸੌਂਪਦੇ ਹੋਏ। ਫੋਟੋ: ਰੋਜ਼ਾਨਾ ਖਬਰ
ਮੀਟਿੰਗ ਤੋਂ ਉਪਰੰਤ ਆਮ ਆਦਮੀ ਪਾਰਟੀ ਦਫ਼ਤਰ ਦਿੜ੍ਹਬਾ ਦੇ ਵਿੱਚ ਜਾ ਕੇ ਹਰਪਾਲ ਸਿੰਘ ਚੀਮਾ ਦੇ ਨਾਮ ਚਿਤਾਵਨੀ ਪੱਤਰ ਦਿੱਤਾ ਗਿਆ। ਮੀਟਿੰਗ ਵਿੱਚ ਜੀਟੀਯੂ ਦੇ ਫਕੀਰ ਸਿੰਘ ਟਿੱਬਾ, ਸਤਵੰਤ ਸਿੰਘ ਆਲਮਪੁਰ, ਕਰਨੈਲ ਸਿੰਘ ਮੂਨਕ, ਹੁਸ਼ਿਆਰ ਸਿੰਘ, ਬੱਗਾ ਸਿੰਘ, ਸ਼ੀਤਲ ਕੁਮਾਰ, ਬੂਟਾ ਖਾਨ, ਗੁਰਸ਼ਰਨ ਸਿੰਘ, ਜਗਦੀਪ ਸਿੰਘ ਅਤੇ 180 ਈਟੀਟੀ ਅਧਿਆਪਕਾਂ ਦੇ ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ, ਗੁਰਮੁੱਖ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਭੁੱਲਰਹੇੜੀ, ਗੌਰਵ ਸ਼ਰਮਾ,ਅ ਮਜਦ, ਭਾਲੇਸ਼ ਸ਼ਰਮਾ ਆਦਿ ਹਾਜ਼ਰ ਸਨ।










