Share & like

ਰੋਜ਼ਾਨਾ ਖ਼ਬਰ

ਅੰਮ੍ਰਿਤਸਰ, 08 ਅਗਸਤ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਜਨਤਕ ਥਾਵਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿੱਖਣ ਸਬੰਧੀ ਮਾਮਲੇ ਨੂੰ 24 ਘੰਟਿਆਂ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ
ਇੱਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਜਾਣਕਾਰੀ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਵਿੱਚ ਤਿੰਨ ਥਾਵਾਂ ‘ਤੇ
ਖਾਲਸਾ ਕਾਲਜ਼, ਜ਼ਿਲ੍ਹਾ ਅਦਾਲਤ ਅਤੇ ਇੱਕ ਧਰਮ ਸਥਾਨ ਦੀ ਬਾਹਰਲੀ ਕੰਧ ‘ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਸਨ। ਅਮਰੀਕਾ ਸਥਿਤ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਆਰੰਭ ਦਿੱਤੀ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਬਟਾਲਾ ਦੇ ਦਰਗਾਬਾਦ ਪਿੰਡ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ (22) ਅਤੇ ਇੱਕ 17 ਸਾਲਾ ਨਾਬਾਲਗ ਸ਼ਾਮਲ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼-ਅਧਾਰਤ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਦੇ ਸੰਪਰਕ ਵਿੱਚ ਸਨ, ਜਿਸ ਨੇ ਉਨ੍ਹਾਂ ਨੂੰ ਗੁਰਪਤਵੰਤ ਪੰਨੂ ਦੇ ਨਿਰਦੇਸ਼ਾਂ ‘ਤੇ ਇਹ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਆਪਣੇ ਸੰਚਾਲਕਾਂ ਤੋਂ ਨਿਰਦੇਸ਼ ਮਿਲਣ ਉਪਰੰਤ ਸੋਸ਼ਲ ਮੀਡੀਆ ਮੋਬਾਈਲ-ਐਪ ਸਨੈਪਚੈਟ ਤੋਂ ਡਿਜ਼ਾਈਨ ਦੇਖ ਕੇ ਇਹ ਖਾਲਿਸਤਾਨ-ਪੱਖੀ ਨਾਅਰੇ ਲਿਖਣ ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ, ਪਰ ਉਨ੍ਹਾਂ ਨੂੰ ਵਾਅਦੇ ਅਨੁਸਾਰ ਆਪਣੇ ਕੰਮ ਦਾ ਭੁਗਤਾਨ ਨਹੀਂ ਕੀਤਾ ਗਿਆ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀਸੀਪੀ ਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਜਿਸ ਵਿੱਚ ਏਡੀਸੀਪੀ ਜਗਬਿੰਦਰ ਸਿੰਘ, ਏਡੀਸੀਪੀ ਹਰਪਾਲ ਸਿੰਘ, ਏਸੀਪੀ ਹਰਮਿੰਦਰ ਸਿੰਘ, ਏਸੀਪੀ ਸ਼ਿਵਦਰਸ਼ਨ ਸਿੰਘ ਅਤੇ ਇੰਸਪੈਕਟਰ ਅਮੋਲਕ ਸਿੰਘ (ਇੰਚਾਰਜ ਸੀਆਈਏ), ਇੰਸਪੈਕਟਰ ਮੋਹਿਤ ਕੁਮਾਰ (ਐਸਐਚਓ ਛਾਉਣੀ), ਇੰਸਪੈਕਟਰ ਗੁਰਪ੍ਰੀਤ ਸਿੰਘ (ਐਸਐਚਓ ਸਿਵਲ ਲਾਈਨਜ਼), ਇੰਸਪੈਕਟਰ ਅਮਨਦੀਪ ਕੌਰ (ਐਸਐਚਓ ਏ ਡਿਵੀਜ਼ਨ) ਸ਼ਾਮਲ ਸਨ, ਨੇ ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਦੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਲੁਭਾਉਣ ਲਈ ਖਾਲਿਸਤਾਨ ਪੱਖੀ ਨਾਅਰੇ ਲਿਖਣ ਬਦਲੇ ਪੈਸੇ ਦਾ ਲਾਲਚ ਦਿੱਤਾ ਗਿਆ ਸੀ, ਜੋ ਉਨ੍ਹਾਂ ਨੂੰ ਕਦੇ ਮਿਲੇ ਹੀ ਨਹੀਂ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਸ਼ਨਪ੍ਰੀਤ ਨੇ ਨਾਬਾਲਗ ਵਿਅਕਤੀ ਨਾਲ ਮਿਲ ਕੇ ਬਟਾਲਾ ਤੋਂ ਸਪਰੇਅ ਪੇਂਟ ਖਰੀਦਿਆ ਅਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਉਪਰੰਤ ਉਨ੍ਹਾਂ ਵੱਲੋਂ ਸਬੂਤ ਵਜੋਂ ਸ਼ੇਰਾ ਮਾਨ ਨਾਲ ਇਸ ਕਾਰਵਾਈ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਬਾਰੇ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਥਾਣਿਆਂ ਕੰਟੋਨਮੈਂਟ, ਡਿਵੀਜ਼ਨ-ਏ ਅਤੇ ਸਿਵਲ ਲਾਈਨਜ਼ ਵਿਖੇ ਤਿੰਨ ਵੱਖ-ਵੱਖ ਕੇਸ ਦਰਜ਼ ਕੀਤੇ ਹਨ।


Share & like

Leave a Reply