Share & like

ਰਾਗੀ ਸਿੰਘਾਂ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ‘ਚ ਨਤਮਸਤਕ ਹੋ ਕੀਤਾ ਸ਼ੁਕਰਾਨਾ ਤੇ ਅਰਦਾਸ

ਜ਼ਿਲ੍ਹਾ ਗੁਰਦਾਸਪੁਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਮਾਰ ਰਿਹਾ ਹੈ ਮੱਲਾਂ: ਡੀਈਓ ਪਰਮਜੀਤ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ

ਗੁਰਦਾਸਪੁਰ, 08 ਅਗਸਤ
ਨੈਸ਼ਨਲ ਅਚੀਵਮੈਂਟ ਸਰਵੇਖਣ 2024 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਅੱਜ ਡਾਇਟ (ਗੁਰਦਾਸਪੁਰ) ਵਿਖੇ ਰਹਿਤ ਮਰਿਆਦਾ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।

ਸਮੂਹ ਹਾਜ਼ਰੀਨ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਮਿਹਰ ਭਰਿਆ ਹੱਥ ਰੱਖਣ ਤੇ ਬਿਹਤਰ ਕਾਰਗੁਜ਼ਾਰੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ‘ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਪਰਮਜੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਜ਼ਿਲ੍ਹਾ ਗੁਰਦਾਸਪੁਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਰਖ (NAS) 2024 ‘ਚ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਾਨਦਾਰ ਪ੍ਰਦਰਸ਼ਨ ਇੱਕ ਵੱਡੀ ਉਪਲਬਧੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨੇ ਨੈਸ ਵਿਚ ਸਮੁੱਚੇ ਪੰਜਾਬ ਅੰਦਰ ਦੂਸਰਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨੈਸ ਵਿਚ ਜ਼ਿਲ੍ਹੇ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣਾ ਯੋਗਦਾਨ ਪਾ ਰਹੇ ਹਨ।

ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਤੀਸਰੀ ਤੋਂ ਲੈ ਕੇ ਪੰਜਵੀਂ ਤੱਕ ਮਿਸ਼ਨ ਸਮਰੱਥ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦੇ ਚੰਗੇ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ‌ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅਕਾਦਮਿਕ ਪੱਖ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਣ ਵਾਲੇ ਸਕੂਲਾਂ ਦੀ ਨਿਸ਼ਾਨਦੇਹੀ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕਰਨ ਲਈ ਪ੍ਰਾਈਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਤੋਂ Emerging Academic School, High Performance School ਅਤੇ Exemplary Academic Excel ਸਰੀਰਨੀਆ ਅਧੀਨ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਉਕਤ ਤਿੰਨੋ ਕੈਟਾਗਰੀਜ਼ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ 45 ਸਕੂਲਾਂ ਦੀ ਚੋਣ ਵਿਭਾਗ ਵੱਲੋਂ ਕੀਤੀ ਗਈ ਹੈ।

ਜ਼ਿਲ੍ਹਾ ਵਧੀਕ ਸਿੱਖਿਆ ਅਫ਼ਸਰ ਡਾ. ਅਨਿਲ ਸ਼ਰਮਾ ਨੇ ‘ਰੋਜ਼ਾਨਾ ਖ਼ਬਰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਮਿਸ਼ਨ ਸਮਰੱਥ 3.0 ਤਹਿਤ ਵਿਲੱਖਣ ਕਾਰਗੁਜ਼ਾਰੀ ਦਿਖਾਣ ਵਾਲੇ ਚੁਣੇ ਗਏ ਸਕੂਲਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਅਤੇ ਉਨ੍ਹਾਂ ਸਕੂਲਾਂ ਦੀਆਂ ਬੈਸਟ ਪ੍ਰੈਕਟਿਸ ਸਾਂਝਾ ਕਰਨ ਲਈ ਮੁੱਖ ਦਫ਼ਤਰ ਵਿਖੇ 13 ਅਗਸਤ ਨੂੰ ਇੱਕ ਰੋਜ਼ਾ ਮੀਟਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਅਤੇ ਬਲਾਕ ਧਾਰੀਵਾਲ-1 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਦੀ ਵਿਲੱਖਣ ਕਾਰਗੁਜ਼ਾਰੀ ਲਈ ਚੋਣ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਸਟਾਫ਼, ਸਬੰਧਤ ਬੀਪੀਈਓ, ਡੀਆਰਸੀ, ਬੀਆਰਸੀ ਅਤੇ ਸੀਐਚਟੀ ਵਧਾਈ ਦੇ ਪਾਤਰ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਪੀਈਓ ਲਖਵਿੰਦਰ ਸਿੰਘ ਸੇਖੋਂ, ਬੀਪੀਈਓ ਭਾਰਤ ਭੂਸ਼ਣ ਅਤੇ ਸੇਵਾ-ਮੁਕਤ ਡੀਈਓ (ਸ) ਹਰਪਾਲ ਸਿੰਘ ਸੰਧਾਵਾਲੀ ਅਤੇ ਡਾਇਟ ਇੰਚਾਰਜ ਨਰੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਡਾਇਟ ਸਟਾਫ਼, ਸਮੂਹ ਬੀਪੀਈਓ, ਸਮੂਹ ਸੀਐੱਚਟੀ, ਬੀਆਰਸੀ ਆਦਿ ਹਾਜ਼ਰ ਸਨ।


Share & like

Leave a Reply