ਸਿੱਖ ਸੰਸਥਾਵਾਂ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਸਰਕਾਰੀ ਪ੍ਰਤੀਨਿਧਾਂ ਨੂੰ ਪੂਰਨ ਮਾਣ ਸਨਮਾਨ ਦੇਣ ਦਾ ਆਦੇਸ਼
ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰਨਗੇ, ਸ੍ਰੀ ਅਕਾਲ ਤਖ਼ਤ ਨੂੰ ਪੂਰਨ ਰੂਪ ਵਿੱਚ ਸਮਰਪਿਤ: ਬੈਂਸ
ਰੋਜ਼ਾਨਾ ਖ਼ਬਰ
ਅੰਮ੍ਰਿਤਸਰ, 06 ਅਗਸਤ
ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬੈਂਸ ਵੱਲੋਂ ਸ੍ਰੀ ਅਕਾਲ ਤਖਤ ਦੇ ਸਨਮੁੱਖ ਖੜੇ ਹੋ ਕੇ ਆਪਣੇ ਗੁਨਾਹ ਕਬੂਲ ਕਰਨ ਉਪਰੰਤ ਉਨ੍ਹਾਂ ਨੂੰ ਤਨਖਾਹ ਸੁਣਾਈ ਗਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਬੀਤੇ ਦਿਨੀਂ ਸ੍ਰੀਨਗਰ ਵਿਚ ਕਰਵਾਏ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਅੱਜ ਸ੍ਰੀ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਸਨ।

ਫੋਟੋ ਕੈਪਸ਼ਨ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਸੁਣਾਉਂਦੇ ਸਿੰਘ ਸਾਹਿਬਾਨ।
ਪੰਜ ਸਿੰਘ ਸਾਹਿਬਾਨ ਵੱਲੋਂ ਕੈਬਨਿਟ ਮੰਤਰੀ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ, ਜੋ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਹੈ, ਵਿਖੇ ਪੈਦਲ ਜਾਣਗੇ। ਇਸ ਰਸਤੇ ਵਿੱਚ ਆਉਂਦੇ ਬਾਜ਼ਾਰ ਅਤੇ ਗਲੀਆਂ ਦੀ ਸਫਾਈ ਅਤੇ ਹੋਰ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣਗੇ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕੋਠਾ ਸਾਹਿਬ ਵੱਲਾ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ 100 ਮੀਟਰ ਦੀ ਦੂਰੀ ਤੋਂ ਪੈਦਲ ਜਾਣਗੇ ਅਤੇ ਇਨ੍ਹਾਂ ਅਸਥਾਨਾਂ ’ਤੇ ਵੀ ਮੁਰੰਮਤ ਅਤੇ ਸਾਫ਼ ਸਫਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਨੂੰ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੋ ਦਿਨ ਗੁਰੂ ਦੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਵਾਸਤੇ ਵੀ ਕਿਹਾ ਗਿਆ ਹੈ।
ਇੱਕ ਵੱਖਰੇ ਆਦੇਸ਼ ਰਾਹੀਂ ਪੰਜਾਬ ਸਰਕਾਰ ਨੂੰ ਵੀ ਆਖਿਆ ਗਿਆ ਹੈ ਕਿ ਉਹ ਸ਼ਤਾਬਦੀ ਸਮਾਗਮਾਂ ਦੌਰਾਨ ਸੈਮੀਨਾਰ, ਗੋਸ਼ਟੀਆਂ ਤੇ ਹੋਰ ਅਜਿਹੇ ਪ੍ਰੋਗਰਾਮ ਕਰਵਾ ਸਕਦੀ ਹੈ, ਪਰ ਇਨ੍ਹਾਂ ਲਈ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ। ਅਕਾਲ ਤਖ਼ਤ ਦੀ ਫ਼ਸੀਲ ਤੋਂ ਸਰਕਾਰ ਨੂੰ ਆਦੇਸ਼ ਦਿੱਤਾ ਗਿਆ ਕਿ ਧਾਰਮਿਕ ਸਮਾਗਮ, ਜਿਨ੍ਹਾਂ ਵਿੱਚ ਨਗਰ ਕੀਰਤਨ ਸਜਾਉਣੇ ਅਤੇ ਗੁਰਮਤਿ ਸਮਾਗਮ ਸ਼ਾਮਲ ਹਨ ਸਿੱਖ ਸੰਸਥਾਵਾਂ ਦੇ ਕਾਰਜ ਹਨ ਅਤੇ ਸਰਕਾਰ ਇਨ੍ਹਾਂ ਵਿੱਚ ਸਹਿਯੋਗ ਦੇਵੇ।
ਸਿੰਘ ਸਾਹਿਬਾਨ ਨੇ ਸਿੱਖ ਸੰਸਥਾਵਾਂ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਸ਼ਤਾਬਦੀ ਸਮਾਗਮਾਂ ਵਿੱਚ ਸਰਕਾਰ ਦੇ ਪ੍ਰਤੀਨਿਧਾਂ ਨੂੰ ਪੂਰਨ ਮਾਣ ਸਨਮਾਨ ਦੇਣ।
ਇੱਕ ਹੋਰ ਫੈਸਲੇ ਤਹਿਤ ਜੰਮੂ ਤੋਂ ਆਏ ਤਿੰਨ ਸਿੱਖਾਂ ਰਣਜੀਤ ਸਿੰਘ, ਜਗਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਵੀ ਤਨਖਾਹ ਲਾਈ ਗਈ ਹੈ। ਉਨ੍ਹਾਂ ਖਿਲਾਫ ਦੋਸ਼ ਹੈ ਕਿ ਉਨ੍ਹਾਂ ਨੇ ਸਿੱਖ ਪੰਥ ਵਿੱਚੋਂ ਛੇਕੇ ਹੋਏ ਵਿਅਕਤੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੱਕ ਵਿੱਚ ਸਮਾਗਮ ਕਰਵਾਇਆ ਹੈ।

ਫੋਟੋ ਕੈਪਸ਼ਨ: ਪੰਜ ਸਿੰਘ ਸਾਹਿਬਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸੁਆਲ ਪੁੱਛਦੇ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਨੂੰ ਪੂਰਨ ਰੂਪ ਵਿੱਚ ਸਮਰਪਿਤ ਹਨ।










