ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 06 ਅਗਸਤ
ਬਦਲੀਆਂ ਲਈ ਇੱਛੁਕ ਅਧਿਆਪਕਾਂ ਨੂੰ ਸਰਵਰ ਰੁਝਿਆ ਹੋਣ ਕਾਰਨ ਸਟੇਸ਼ਨ ਚੋਣ ਕਰਨ ਵਿੱਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਚੋਣ ਦਾ ਅੱਜ ਆਖ਼ਰੀ ਦਿਨ ਹੋਣ ਕਾਰਨ ਅਨੇਕਾਂ ਅਧਿਆਪਕ ਸਟੇਸ਼ਨ ਤੋਂ ਖੁੰਝਣ ਕਾਰਨ ਨਿਰਾਸ਼ ਹਨ। ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਤੋਂ ਸਟੇਸ਼ਨ ਚੋਣ ਕਰਨ ਦੀਆਂ ਮਿਤੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।
ਗੌਰਤਲਬ ਹੈ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੇ ਇੱਛੁਕ ਅਧਿਆਪਕਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਬਦਲੀਆਂ ਲਈ ਸਟੇਸ਼ਨ ਦੀ ਚੋਣ ਲਈ ਵਿਭਾਗ ਵੱਲੋਂ 5 ਅਤੇ 6 ਅਗਸਤ ਨੂੰ ਪੋਰਟਲ ਖੋਲ੍ਹਣ ਦਾ ਐਲਾਨ ਕੀਤਾ ਸੀ। ਪਰ ਈ-ਪੰਜਾਬ ਸਟਾਫ਼ ਲੋਗਿਨ ਦਾ ਸਰਵਰ ਜ਼ਿਆਦਾ ਹੈਵੀ ਹੋਣ ਕਰਕੇ ਜਾਮ ਦੀ ਸਮੱਸਿਆਂ ਆ ਰਹੀ ਹੈ। ਕਈ ਅਧਿਆਪਕਾਂ ਦੱਸਿਆ ਕਿ ਵਾਰ-ਵਾਰ ਖੋਲ੍ਹਣ ਦੇ ਬਾਵਜੂਦ ਸਰਵਰ ਡਾਊਨ ਆ ਰਿਹਾ ਹੈ ਅਤੇ ਸਟੇਸ਼ਨ ਚੋਣ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਸਟੇਸ਼ਨ ਚੋਣ ਦੀ ਆਖ਼ਰੀ ਮਿਤੀ ਹੋਣ ਕਾਰਨ ਬਹੁਤ ਪਰੇਸ਼ਾਨ ਹਨ। ਇੱਕ ਹੋਰ ਅਧਿਆਪਕ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਨੇ 5 ਅਤੇ 6 ਅਗਸਤ ਨੂੰ ਸਟੇਸ਼ਨ ਚੋਣ ਕਰਨ ਲਈ ਕਿਹਾ ਹੈ l 5 ਅਗਸਤ ਰਾਤ 11 ਵਜੇ ਤੱਕ ਤਾਂ ਪੋਰਟਲ ਖੁੱਲ੍ਹ ਹੀ ਨਹੀਂ ਰਿਹਾ ਸੀ। 6 ਅਗਸਤ ਸਵੇਰ ਵੇਲੇ ਕੁਝ ਸਮੇਂ ਲਈ ਖੁੱਲ੍ਹਿਆ ਉਸ ਤੋਂ ਬਾਅਦ ਫਿਰ ਸਰਵਰ ਜਾਮ ਹੋਣ ਲੱਗ ਪਿਆ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਕੁਲਦੀਪ ਪੂਰੇਵਾਲ ਨੇ ਸਟੇਸ਼ਨ ਚੋਣ ਦੀ ਆਖਰੀ ਮਿਤੀ 6 ਅਗਸਤ ਤੋਂ ਅੱਗੇ ਵਧਾਉਣ ਦੀ ਮੰਗ ਕੀਤੀ ਹੈl











