Share & like

ਮਕੌੜਾ ਪੱਤਣ ਤੇ ਵੀ ਹਾਲਾਤ ਬਦਤਰ ਹੋਣ ਲੱਗੇ, ਪਾਰਲੇ ਪਿੰਡਾਂ ਦਾ ਸੰਪਰਕ ਇਲਾਕੇ ਨਾਲੋਂ ਟੁੱਟਿਆ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਅਗਸਤ
ਇਲਾਕੇ ਅੰਦਰ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸਰਹੱਦੀ ਇਲਾਕੇ ਵਿੱਚ ਪੈਂਦੇ ਉੱਝ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹੜ੍ਹ ਦਾ ਖਦਸ਼ਾ ਬਣ ਗਿਆ ਹੈ। ਜਿਸਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਨੇ ਸਰਹੱਦੀ ਬਲਾਕ ਬਮਿਆਲ ਅਧੀਨ ਪੈਂਦੇ ਸਾਰੇ ਸਕੂਲਾਂ ਵਿੱਚ ਅੱਜ ਛੁੱਟੀ ਐਲਾਨ ਦਿੱਤੀ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਉੱਝ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਅਤੇ ਭਾਰੀ ਮੀਂਹ ਦੇ ਮੱਦੇਨਜ਼ਰ ਸਮੂਹ ਸਕੂਲਾਂ ਵਿੱਚ ਛੁੱਟੀ ਦਾ ਐਲਾਨੀ ਗਈ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ 8.15 ਵਜੇ ਉਝ ਦਰਿਆ ਵਿੱਚੋਂ ਇੱਕ ਲੱਖ 19 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਸੀ, ਜੋ ਕਿ ਆਮ ਪੱਧਰ ਤੋਂ ਵੱਧ ਸੀ। ਪਰ ਬਾਅਦ ਵਿੱਚ ਇਹ ਪਾਣੀ ਘਟਨਾ ਸ਼ੁਰੂ ਹੋ ਗਿਆ। ਜੇਕਰ ਪਾਣੀ ਡੇਢ ਲੱਖ ਕਿਊਸਿਕ ਤੱਕ ਪਹੁੰਚ ਜਾਂਦਾ ਤਾਂ ਪਾਣੀ ਬਮਿਆਲ ਨਗਰ ਅੰਦਰ ਦਾਖਲ ਹੋਣ ਦੀ ਪੂਰੀ ਸੰਭਾਵਨਾ ਸੀ। ਪਰ ਪਾਣੀ ਘਟਣ ਕਾਰਨ ਖ਼ਤਰਾ ਟਲ ਗਿਆ ਹੈ।

ਗੌਰਤਲਬ ਜਹੈ ਕਿ ਉੱਝ ਦਰਿਆ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਬਮਿਆਲ ਦੇ ਸਰਹੱਦੀ ਇਲਾਕੇ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੈਂਦੇ ਮਕੌੜਾ ਪੱਤਣ ਤੋਂ ਲੰਘਦਾ ਅੱਗੇ ਨਿਕਲ ਜਾਂਦਾ ਹੈ।

ਬਹਿਰਾਮਪੁਰ ਤੋਂ ਰੋਜ਼ਾਨਾ ਖ਼ਬਰ ਦੇ ਪੱਤਰਕਾਰ ਦਵਿੰਦਰਜੀਤ ਸਿੰਘ ਦੀ ਰਿਪੋਰਟ:
ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਉੱਤੇ ਦਰਿਆ ਰਾਵੀ ਅੰਦਰ ਪਾਣੀ ਦਾ ਪੱਧਰ ਵੱਧਣ ਕਾਰਨ ਇਲਾਕੇ ਅੰਦਰ ਹਾਲਾਤ ਬਦਤਰ ਬਣ ਗਏ ਹਨ। ਦਰਿਆ ਪਾਰਲੇ ਦਰਜਨ ਦੇ ਕਰੀਬ ਪੈਂਦੇ ਪਿੰਡਾਂ ਦਾ ਸੰਪਰਕ ਇਲਾਕੇ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਹੈ।

ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ਉੱਤੇ ਰਾਵੀ ਦਰਿਆ ਦੇ ਨਾਲ ਹੀ ਉਜ ਦਰਿਆ ਵੀ ਆ ਮਿਲਦਾ ਹੈ। ਜਿਸ ਕਾਰਨ ਦਰਿਆ ਅੰਦਰ ਪਾਣੀ ਦਾ ਪੱਧਰ ਅਕਸਰ ਵਧ ਜਾਂਦਾ ਹੈ। ਇਲਾਕੇ ਅੰਦਰ ਲਗਾਤਾਰ ਪੈ ਰਹੀ ਬਾਰਿਸ਼ ਨੇ ਹਾਲਾਤ ਹੋਰ ਵੀ ਖਰਾਬ ਬਣਾ ਦਿੱਤੇ ਹਨ। ਪਾਰਲੇ ਪਿੰਡਾਂ ਨੂੰ ਜਾਣ ਲਈ ਇੱਕ ਮਾਤਰ ਸਾਧਨ ਬੇੜੀ ਹੀ ਸਥਾਨਕ ਅਤੇ ਨੌਕਰੀ ਪੇਸ਼ਾ ਲੋਕਾਂ ਦਾ ਸਹਾਰਾ ਹੈ। ਬੇੜੀ ਰਾਹੀਂ ਲੋਕ ਦਰਿਆ ਦੇ ਆਰ ਪਾਰ ਲੰਘਦੇ ਹਨ। ਲੇਕਿਨ ਹੁਣ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਬੇੜੀ ਨੂੰ ਬੰਦ ਕੀਤੇ ਜਾਣ ਕਾਰਨ ਭਾਰਤ ਦੇ ਪਿੰਡਾਂ ਸੰਪਰਕ ਇਧਰ ਦੇ ਇਲਾਕੇ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਜਿਹੇ ਵਿੱਚ ਦਰਿਆ ਪਾਰਲੇ ਪਿੰਡ ਭਾਰਤ ਨਾਲੋ ਵੱਖਰਾ ਟਾਪੂ ਹੋਣ ਦਾ ਭੁਲੇਖਾ ਪਾਉਂਦੇ ਹਨ। ਪਾਰਲੇ ਇਲਾਕੇ ਦਾ ਸੰਪਰਕ ਟੁੱਟਣ ਕਾਰਨ ਉਧਰ ਦੇ ਸਰਕਾਰੀ ਸਕੂਲਾਂ ਅਤੇ ਸਿਹਤ ਕੇਂਦਰਾਂ ਵਿੱਚ ਤੈਨਾਤ ਅਮਲੇ ਨੂੰ ਭਾਰੀ ਮੁਸ਼ਕਿਲ ਬਣ ਗਈ ਹੈ।

ਲਗਾਤਾਰ ਬਾਰਸ਼ ਕਾਰਨ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦਾ ਖਤਰਾ ਵੀ ਮੰਡਰਾ ਰਿਹਾ ਹੈ। ਅਜਿਹੀ ਸਥਿਤੀ ਦੇ ਮੱਦੇਨਜ਼ਰ ਦਰਿਆ ਪਾਰਲੇ ਇਲਾਕੇ ਅੰਦਰ ਤੇ ਨਾ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸਥਾਨਕ ਲੋਕਾਂ ਵੱਲੋਂ ਲਗਾਤਾਰ ਸਰਕਾਰਾਂ ਤੋਂ ਮਕੋੜਾ ਪੱਤਣ ਉੱਤੇ ਪੱਕਾ ਕੰਕਰੀਟ ਦਾ ਪੁਲ ਉਸਾਰੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।


Share & like

Leave a Reply