ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਹਿਮਾਚਲ ਪ੍ਰਦੇਸ਼, 24 ਜੁਲਾਈ
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਸਰਕਾਘਾਟ ਸਬ-ਡਿਵੀਜ਼ਨ ਵਿੱਚ ਮਾਸੇਰਨ ਨੇੜੇ ਤਰੰਗਲਾ ਵਿਚ ਅੱਜ ਸਵੇਰੇ HRTC ਦੀ ਬੱਸ ਸੜਕ ਤੋਂ ਕਰੀਬ 25 ਮੀਟਰ ਹੇਠਾਂ ਖੱਡ ਵਿਚ ਡਿੱਗਣ ਕਾਰਨ ਦੋ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਹਾਦਸੇ ਵਿਚ ਕੋਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਸਰਕਾਘਾਟ ਤੋਂ ਦੁਰਗਾਪੁਰ ਜਾ ਰਹੀ ਸੀ। ਮੰਡੀ ਦੇ ਐੱਸਪੀ ਸਾਕਸ਼ੀ ਵਰਮਾ ਅਨੁਸਾਰ ਇਹ ਘਟਨਾ ਸਰਕਾਘਾਟ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਵਾਪਰੀ ਹੈ। ਜ਼ਖ਼ਮੀਆਂ ਨੂੰ ਇਲਾਜ਼ ਲਈ ਸਰਕਾਘਾਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਤਿੰਨ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਿਨ੍ਹਾਂ ਨੂੰ ਏਮਜ਼-ਬਿਲਾਸਪੁਰ ਰੈਫਰ ਕੀਤਾ ਗਿਆ ਹੈ। ਬੱਸ ਵਿਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਸਪਸ਼ਟ ਨਹੀਂ ਹੋਇਆ ਹੈ।ਹਾਦਸੇ ਮੌਕੇ ਬੱਸ ਵਿਚ ਕਰੀਬ 31 ਵਿਅਕਤੀ ਸਵਾਰ ਹੋਣ ਦਾ ਅੰਦਾਜ਼ਾ ਹੈ।
ਪੁਲੀਸ ਅਤੇ 108 ਐਂਬੂਲੈਂਸ ਸੇਵਾ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਪੀੜਤਾਂ ਨੂੰ ਖੱਡ ’ਚੋ ਕੱਢਣ ਲਈ ਬਚਾਅ ਕਾਰਜ਼ ਆਰੰਭੇ। ਹਾਦਸਾ ਵਾਪਰਨ ਦੀ ਵਜ੍ਹਾ ਕਾਰਨ ਅਜੇ ਪਤਾ ਨਹੀਂ ਲੱਗ ਸਕੀ ਹੈ।











