Share & like

ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਵੱਲੋਂ ਐਡਵਾਈਜਰੀ ਜਾਰੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਕੈਨੇਡਾ, 22 ਜੁਲਾਈ
ਫਰਜ਼ੀ ਕਾਲਾਂ ਅਤੇ ਈ-ਮੇਲਾਂ ਦੇ ਮੱਦੇਨਜ਼ਰ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਵੱਲੋਂ ਕੈਨੇਡਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਐਡਵਾਈਜ਼ਰੀ ਅਨੁਸਾਰ ਕੈਨੇਡਾ ਵਿੱਚ ਕੁਝ ਭਾਰਤੀ ਨਾਗਰਿਕਾਂ ਜਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਕੈਨੇਡੀਅਨ ਵੀਜ਼ਾ, ਇਮੀਗ੍ਰੇਸ਼ਨ ਸਥਿਤੀ, ਨੌਕਰੀ ਦੀਆਂ ਪੇਸ਼ਕਸ਼ਾਂ, ਅਰਜ਼ੀ ਫ਼ੀਸਾਂ ਦੀ ਅਦਾਇਗੀ ਜਾਂ ਮੁੜ-ਭੁਗਤਾਨ ਬਾਰੇ ਕਾਲਾਂ, ਈ-ਮੇਲ਼ਾਂ ਆਦਿ ਮਿਲ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ’ਤੇ ਅਪਰਾਧ ਜਾ ਧੋਖਾਧੜੀ ਆਦਿ ਕਰਨ ਜਾਂ ਉਸ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਵਿਚ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਕਈ ਵਾਰ ਕਾਲ ਕਰਨ ਵਾਲਿਆਂ ਜਾਂ ਈਮੇਲ ਭੇਜਣ ਵਾਲਿਆਂ ਨੇ ਖ਼ੁਦ ਨੂੰ ਟੋਰਾਂਟੋ ਜਾਂ ਵੈਨਕੂਵਰ ਸਥਿਤ ਭਾਰਤੀ ਹਾਈ ਕਮਿਸ਼ਨ, ਭਾਰਤ ਦੇ ਕੌਂਸੁਲੇਟ ਜਨਰਲ ਦੇ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਅਨਸਰ ਟੋਰਾਂਟੋ ਜਾਂ ਵੈਨਕੂਵਰ ਵਿੱਚ ਭਾਰਤ ਦੇ ਹਾਈ ਕਮਿਸ਼ਨ ਜਾਂ ਕੌਂਸੁਲੇਟ ਜਨਰਲ ਦੀ ਵੈੱਬਸਾਈਟ ’ਤੇ ਦਿੱਤੇ ਗਏ ਅਧਿਕਾਰਤ ਟੈਲੀਫ਼ੋਨ ਨੰਬਰਾਂ ਨੂੰ ਅਸਲੀ ਦਿਖਾਉਣ ਲਈ ਧੋਖਾਧੜੀ ਕਰਨ ਵਿਚ ਸਫ਼ਲ ਰਹੇ ਹਨ।

ਇਸ ਲਈ ਕੈਨੇਡਾ ਰਹਿੰਦੇ ਭਾਰਤੀਆਂ ਨੂੰ ਚੌਕਸ ਕੀਤਾ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ, ਟੋਰਾਂਟੋ ਵਿੱਚ ਭਾਰਤ ਦਾ ਕੌਂਸੁਲੇਟ ਜਨਰਲ ਜਾਂ ਵੈਨਕੂਵਰ ਵਿੱਚ ਭਾਰਤ ਦਾ ਕੌਂਸੁਲੇਟ ਜਨਰਲ ਉੱਪਰ ਦੱਸੇ ਗਏ ਮਾਮਲਿਆਂ ਨਾਲ ਸਬੰਧਤ ਨਹੀਂ ਹਨ। ਅਜਿਹੀਆਂ ਫ਼ੋਨ ਕਾਲਾਂ ਦੀ ਰਿਪੋਰਟ ਸਬੰਧਤ ਕਾਨੂੰਨ ਅਤੇ ਵਿਵਸਥਾ ਅਧਿਕਾਰੀਆਂ ਨੂੰ ਕੀਤੀ ਜਾ ਸਕਦੀ ਹੈ। ਜੇਕਰ ਕਾਲ ਕਰਨ ਵਾਲੇ ਦਾ ਨੰਬਰ ਭਾਰਤ ਤੋਂ ਆਉਂਦਾ ਹੈ ਤਾਂ ਘਟਨਾ ਸਬੰਧੀ ਸ਼ਿਕਾਇਤ ਦਰਜ਼ ਕਰਨ ਲਈ https://www.cybercrime.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ।


Share & like

Leave a Reply