Share & like

ਬਿਜਲੀ ਵਾਲੇ ਪੱਖੇ ਤੋਂ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਾਤੜਾਂ, 16 ਜੁਲਾਈ
ਪਾਤੜਾਂ ਦੀ ਅਨਾਜ ਮੰਡੀ ਦੇ ਪੰਜ ਕਿੱਲਿਆਂ ਵਾਲੇ ਫੜਾਂ ਨੇੜੇ ਪਲਾਟ ’ਚ ਕਿਰਾਏ ’ਚ ਰਹਿੰਦੇ ਪਰਵਾਸੀ ਮਜ਼ਦੂਰ ਪਰਿਵਾਰ ਦੀਆਂ ਤਿੰਨ ਮਾਸੂਮ ਲੜਕੀਆਂ ਦੀ ਅੱਜ ਬਾਅਦ ਦੁਪਹਿਰ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਮ੍ਰਿਤਕ ਲੜਕੀਆਂ ਬਿਹਾਰ ਤੋਂ ਪਾਤੜਾਂ ਵਿੱਚ ਕੰਮ ਕਰਨ ਆਏ ਪਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਸਨ। ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ ਜੋ ਹਾਦਸੇ ਸਮੇਂ ਘਰ ’ਚ ਇਕੱਲੀਆਂ ਸਨ। ਜਦੋਂ ਹਾਦਸਾ ਵਾਪਰਿਆ ਉਨ੍ਹਾਂ ਦੇ ਮਾਤਾ-ਪਿਤਾ ਮਜ਼ਦੂਰੀ ਲਈ ਬਾਹਰ ਗਏ ਹੋਏ ਸਨ। ਘਟਨਾ ਦਾ ਪਤਾ ਲੱਗਣ ’ਤੇ ਪਾਵਰਕੌਮ ਤੇ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।


ਮ੍ਰਿਤਕ ਲੜਕੀਆਂ ਦੀ ਪਛਾਣ ਨਗਮਾ ਖਾਤਿਮ (7) ਰੁਖ਼ਸਾਰ ਖਾਤਿਮ (5) ਅਤੇ ਖੁਸ਼ੀ ਖਾਤਿਮ (3) ਪੁੱਤਰੀਆਂ ਮੁਹੰਮਦ ਫਾਰੂਕਦੀਨ ਵਾਸੀ ਪਿੰਡ ਲੱਖਰਾ ਬਸਤੀ ਜ਼ਿਲ੍ਹਾ ਰਈਆ (ਬਿਹਾਰ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਲੜਕੀਆਂ ਦੇ ਮਾਪੇ ਕੰਮ ਤੋਂ ਵਾਪਸ ਘਰ ਆਏ ਤਾਂ ਤਿੰਨੋਂ ਧੀਆਂ ਘਰ ਅੰਦਰ ਬੇਹੋਸ਼ ਪਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਘਰ ’ਚ ਲਾਇਆ ਹੋਇਆ ਬਿਜਲੀ ਵਾਲਾ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ, ਜਿਸ ’ਤੇ ਤਿੰਨੋਂ ਬੱਚੀਆਂ ਸੁੱਤੀਆਂ ਹੋਈਆਂ ਸਨ। ਅਚਾਨਕ ਪੱਖੇ ਦੀ ਤਾਰ ਦੀ ਲੋਹੇ ਦੇ ਮੰਜੇ ਦੇ ਇੱਕ ਹਿੱਸੇ ਨੂੰ ਛੂਹ ਗਈ, ਜਿਸ ਕਾਰਨ ਮੰਜੇ ’ਚ ਕਰੰਟ ਆ ਗਿਆ ਤੇ ਤਿੰਨੋਂ ਸਕੀਆਂ ਭੈਣਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।


Share & like

Leave a Reply